ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਮਾਰਚ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੁਹਾਲੀ ਦੇ ਇੱਕ ਨਾਮੀ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਯੂਪੀ ਦੇ ਮਊ ਹਲਕੇ ਤੋਂ ਵਿਧਾਇਕ ਹੈ। ਉਸ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 386 ਅਧੀਨ ਕੇਸ ਦਰਜ ਹੈ। ਅੰਸਾਰੀ ਨੂੰ 22 ਜਨਵਰੀ 2019 ਨੂੰ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਸੀ।
ਗੈਂਗਸਟਰ ਤੋਂ ਸਿਆਸਤਦਾਨ ਬਣੇ ਅੰਸਾਰੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਮੌਕੇ ਪੁਲੀਸ ਵੱਲੋਂ ਚਲਾਨ ਦੀਆਂ ਕਾਪੀਆਂ ਮੁਲਜ਼ਮ ਨੂੰ ਵੀ ਸੌਂਪੀਆਂ ਗਈਆਂ। ਅੰਸਾਰੀ ਨੇ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਵਿੱਚ ਅੱਜ ਕੱਲ੍ਹ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਅੱਜ ਵੀ ਉਸ ਨੂੰ ਯੂਪੀ ਨੰਬਰ ਦੀ ਐਂਬੂਲੈਂਸ ਵਿੱਚ ਅਦਾਲਤ ਵਿੱਚ ਲਿਆਂਦਾ ਗਿਆ ਅਤੇ ਵ੍ਹੀਲਚੇਅਰ ’ਤੇ ਬਿਠਾ ਕੇ ਜੱਜ ਦੇ ਸਾਹਮਣੇ ਸਾਹਮਣੇ ਪੇਸ਼ ਕੀਤਾ। ਸਰਕਾਰੀ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਮੁੜ 12 ਅਪਰੈਲ ਤੱਕ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਰੋਪੜ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੀਡੀਆ ਦੀਆਂ ਨਜ਼ਰਾਂ ਤੋਂ ਬਚਾਅ ਕੇ ਅੰਸਾਰੀ ਨੂੰ ਅਦਾਲਤ ਦੇ ਪਿਛਲੇ ਗੇਟ ਰਾਹੀਂ ਅੰਦਰ ਲਿਆਂਦਾ ਗਿਆ।