ਗਗਨਦੀਪ ਅਰੋੜਾ
ਲੁਧਿਆਣਾ, 5 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਸੂਬੇ ਵਿੱਚ ਖੇਤੀ ਸੁਧਾਰਾਂ ਸਬੰਧੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਕਣਕ ਤੇ ਝੋਨੇ ਦੀ ਫ਼ਸਲ ਦੇ ਨਾਲ ਹੁਣ 55 ਦਿਨ ਵਿੱਚ ਤਿਆਰ ਹੋਣ ਵਾਲੀ ਮੂੰਗੀ ਦੀ ਫ਼ਸਲ ਵੀ ਬੀਜਣ, ਜਿਸ ’ਤੇ ਸਰਕਾਰ ਐੱਮਐੱਸਪੀ ਦੇਵੇਗੀ। ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਮੌਕੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ, ਪਾਣੀ ਤੇ ਜ਼ਮੀਨ ਤਿੰਨੇ ਹੀ ਪ੍ਰਦੂਸ਼ਿਤ ਹਨ, ਜਿਨ੍ਹਾਂ ਨੂੰ ਠੀਕ ਕਰਨ ਦਾ ਸਮਾਂ ਆ ਗਿਆ ਹੈ ਤੇ ਇਹ ਤਾਂ ਹੀ ਠੀਕ ਹੋਵੇਗੀ, ਜੇਕਰ ਸਾਰੇ ਮਿਲ ਕੇ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫ਼ਸਲ ਦਾ ਚੱਕਰ ਬਦਲਣ, ਜਿਸ ਲਈ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਜਲਦੀ ਤਿਆਰ ਹੋ ਜਾਂਦੀ ਹੈ, ਇਸ ਲਈ ਕਿਸਾਨ ਮੂੰਗੀ ਦੀ ਫ਼ਸਲ ਬੀਜਣੀ ਸ਼ੁਰੂ ਕਰਨ।
ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਲੁਧਿਆਣਾ ਪੁੱਜੇ ਭਗਵੰਤ ਮਾਨ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਫੋਟੋ ’ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਲੋਕਾਂ ਨੂੰ ਮਹਾਰਾਜਾ ਜੱਸਾ ਸਿੰਘ ਦੀਆਂ ਸਿੱਖਿਆਵਾਂ ’ਤੇ ਅਮਲ ਕਰਕੇ ਜੀਵਨ ਜਿਊਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਪੰਜਾਬ ਵਿੱਚ ਖੁਸ਼ਹਾਲ ਰਾਜ ਵਿਵਸਥਾ ਦਿੱਤੀ ਸੀ ਤੇ ਸਾਰੇ ਵਰਗ ਉਨ੍ਹਾਂ ਦੇ ਸ਼ਾਸਨ ਤੋਂ ਖੁਸ਼ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਾਰੇ ਵਰਗਾਂ ਦੇ ਕਲਿਆਣ ਲਈ ਕੰਮ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਲੀਡਰਾਂ ਵੱਲੋਂ ਸੱਤਾ ਵਿੱਚ ਆ ਕੇ ਆਪਣੇ ਨਿੱਜੀ ਮੁਫਾਦਾਂ ਲਈ ਹੀ ਫ਼ੈਸਲੇ ਲਏ ਗਏ ਸਨ ਪਰ ਹੁਣ ਉਨ੍ਹਾਂ ਦੀ ਸਰਕਾਰ ਆਏ ਨੂੰ ਹਾਲੇ 50 ਦਿਨ ਹੀ ਹੋਏ ਹਨ, ਜਿਸ ਦੌਰਾਨ ਕਈ ਲੋਕ ਪੱਖੀ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆਉਂਦਿਆਂ ਹੀ 26 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਸਰਕਾਰੀ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਭਲਾਈ ਲਈ ਕਈ ਵੱਡੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਵਿੱਚ ਹੀ ਉਨ੍ਹਾਂ ਦੇ ਚੰਗੇ ਭਵਿੱਖ ਲਈ ਮੌਕੇ ਸਿਰਜਣਗੇ ਅਤੇ ਕਿਸੇ ਨੂੰ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਰੁੱਖ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਵੱਲੋਂ ਦਿੱਤੀ ਸ਼ਕਤੀ ਲੋਕ ਭਲਾਈ ਲਈ ਹੀ ਵਰਤੀ ਜਾਵੇਗੀ।
ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਿਤ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ
ਇਸ ਮੌਕੇ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਉੱਘੀਆਂ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ, ਸਮਾਜ ਸੇਵਕ ਤੇ ਉਦਯੋਗਪਤੀ ਅਮਰੀਕ ਸਿੰਘ ਘੜਿਆਲ (ਪਿੰਡ ਰਕਬਾ), ਸਮਾਜ ਸੇਵੀ ਅਤੇ ਬਰਨਾਲਾ ਇੰਡਸਟਰੀਜ਼ ਦੇ ਮਾਲਕ ਕੁਲਵੰਤ ਸਿੰਘ ਲੋਟੇ, ਸਿੱਖਿਆ ਸਾਸ਼ਤਰੀ ਪ੍ਰਿੰਸੀਪਲ ਚਮਕੌਰ ਸਿੰਘ, ਪ੍ਰਸਿੱਧ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਡਾਇਰੈਕਟਰ ਅਨੁਰਾਗ ਸਿੰਘ ਅਤੇ ਨੌਜਵਾਨ ਉਦਯੋਗਪਤੀ ਸੰਦੀਪ ਕੌਰ ਰਿਆਤ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਾਜਿੰਦਰਪਾਲ ਕੌਰ ਛੀਨਾ, ਤਰੁਨਪ੍ਰੀਤ ਸਿੰਘ ਸੌਂਧ, ਗੁਰਪ੍ਰੀਤ ਬੱਸੀ ਗੋਗੀ, ਸਿੱਖਿਆ ਸਾਸ਼ਤਰੀ ਕੇਐੱਨਐੱਸ ਕੰਗ ਅਤੇ ਡਾ. ਅਨੁਰਾਗ ਸਿੰਘ ਨੇ ਵੀ ਸੰਬੋਧਨ ਕੀਤਾ।
ਪੰਜਾਬ ਸਰਕਾਰ ਨੇ 26,454 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਆਪਣਾ 50 ਦਿਨ ਦਾ ਕਾਰਜਕਾਲ ਪੂਰਾ ਹੋਣ ’ਤੇ ਵੱਖ-ਵੱਖ ਵਿਭਾਗਾਂ ਵਿੱਚ 26454 ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਲਈ ਪੰਜਾਬ ਸਰਕਾਰ ਨੇ ਅੱਜ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਸੂਬੇ ਦੇ 25 ਵਿਭਾਗਾਂ ਦੀਆਂ ਇਨ੍ਹਾਂ ਅਸਾਮੀਆਂ ਦੇ ਵੇਰਵੇ ਵੱਖ-ਵੱਖ ਵਿਭਾਗਾਂ ਦਾ ਵੈਬਸਾਈਟ ’ਤੇ ਦਿੱਤੇ ਗਏ ਹਨ। ਪੰਜਾਬ ਸਰਕਾਰ ਇਹ ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ), ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸਬੀ) ਅਤੇ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਵਿੱਚ ਸਿਫਾਰਸ਼ਾਂ ਜਾਂ ਰਿਸ਼ਵਤਖੋਰੀ ਨੂੰ ਕੋਈ ਥਾਂ ਨਹੀਂ ਮਿਲੇਗੀ। ਮੁੱਖ ਮੰਤਰੀ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ 25 ਵੱਖ-ਵੱਖ ਵਿਭਾਗਾਂ ਵਿੱਚ 26,454 ਅਸਾਮੀਆਂ ਲਈ ਭਰਤੀ ਭ੍ਰਿਸ਼ਟਾਚਾਰ ਮੁਕਤ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇਗੀ। ਇਹ ਭਰਤੀ ਵਿਦਿਅਕ ਯੋਗਤਾ ਦੇ ਆਧਾਰ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਬੇਰੁਜ਼ਗਾਰੀ ਦੂਰ ਕਰਨ ਅਤੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦਾ ਵਾਅਦਾ ਕੀਤਾ ਸੀ, ਜਿਸ ਨੂੰ 50 ਦਿਨਾਂ ਵਿੱਚ ਹੀ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ 50 ਦਿਨਾਂ ਵਿੱਚ ਜੋ ਕੁਝ ਕੀਤਾ ਹੈ, ਅੱਜ ਤੱਕ ਕੋਈ ਸਰਕਾਰ 5 ਸਾਲਾਂ ਵਿੱਚ ਨਹੀਂ ਕਰ ਸਕੀ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਵਿਚ ਹੋਰ ਨੌਕਰੀਆਂ ਲਿਆਵੇਗੀ ਤਾਂ ਜੋ ਨੌਜਵਾਨਾਂ ਨੂੰ ਮਾਣ-ਇੱਜ਼ਤ ਨਾਲ ਜੀਵਨ ਬਤੀਤ ਕਰਨ ਲਈ ਰੋਜ਼ੀ-ਰੋਟੀ ਦੇ ਸਮਰੱਥ ਬਣਾਇਆ ਜਾ ਸਕੇ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਸਾਲ 2022-23 ਦੇ ਬਜਟ ਵਿੱਚ ਵੀ ਲੋਕ ਪੱਖੀ ਪਹਿਲਕਦਮੀਆਂ ਕਰਨ ਜਾ ਰਹੀ ਹੈ।