ਦੀਪਕ/ਸੰਦਲ/ ਧਵਨ/ ਕੇਪੀ
ਤਲਵਾੜਾ/ਦਸੂਹਾ/ ਪਠਾਨਕੋਟ/ਗੁਰਦਾਸਪੁਰ, 4 ਫਰਵਰੀ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਮੌਜੂਦਾ ਕੇਂਦਰੀ ਬਜਟ ’ਚ ਮੋਦੀ ਸਰਕਾਰ ਨੇ ਕਣਕ ਤੇ ਝੋਨੇ ਦੀ ਖਰੀਦ ਲਈ 2.37 ਲੱਖ ਕਰੋੜ ਰੁਪਏ ਰੱਖੇ ਹਨ ਪਰ ਐਮਐਸਪੀ ਦੇ ਮਾਮਲੇ ’ਤੇ ਵਿਰੋਧੀ ਧਿਰਾਂ ਵਲੋਂ ਕੇਂਦਰ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸੰਸਦ ਨੇ ਇਹ ਕਾਨੂੰਨ ਪਾਸ ਕੀਤੇ ਸਨ ਪਰ ਕੁਝ ਕਿਸਾਨ ਜਥੇਬੰਦੀਆਂ ਇਸ ਨਾਲ ਸਹਿਮਤ ਨਹੀਂ ਸਨ। ਇਸ ਤੋਂ ਬਾਅਦ ਇਹ ਕਾਨੂੰਨ ਰੱਦ ਕੀਤੇ ਗਏ। ਉਨ੍ਹਾਂ ਬਲਾਕ ਤਲਵਾੜਾ ਦੇ ਦਾਤਾਰਪੁਰ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਹਲਕਾ ਦਸੂਹਾ ਤੇ ਮੁਕੇਰੀਆਂ ਤੋਂ ਪਾਰਟੀ ਦੇ ਉਮੀਦਵਾਰ ਰਘੁਨਾਥ ਸਿੰਘ ਰਾਣਾ ਤੇ ਜੰਗੀ ਲਾਲ ਮਹਾਜਨ ਦੇ ਹੱਕ ’ਚ ਪ੍ਰਚਾਰ ਕੀਤਾ। ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ’ਚ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਖਾਲਸਾ ਪੰਥ ਦੇ ਬਲੀਦਾਨ ਸਦਕਾ ਹੀ ਅੱਜ ਭਾਰਤੀ ਵਿਰਾਸਤ ਸੁਰੱਖਿਅਤ ਹੈ ਪਰ ਅੱਜ ਕੁੱਝ ਤਾਕਤਾਂ ਹਿੰਦੂ-ਸਿੱਖ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦਿੱਲੀ ’ਚ ‘ਆਪ’ ਦਾ ਵਿਕਾਸ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ।
ਉਨ੍ਹਾਂ ਕਿਹਾ ਕਿ ਇੱਕ ਵਾਰ ਪੰਜਾਬ ’ਚ ਭਾਜਪਾ ਦੀ ਅਗਵਾਈ ਹੇਠ ਐਨਡੀਏ (ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ) ਦੀ ਡਬਲ ਇੰਜਣ ਸਰਕਾਰ ਬਣਾਓ, ਨਸ਼ਾ ਕਾਰੋਬਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਬੇਅਦਬੀ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਐਨਡੀਏ ਦੀ ਸਰਕਾਰ ਬਣਨ ’ਤੇ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਾਂਗਰਸ ਦੀ ਸਰਕਾਰ ’ਤੇ ਪੰਜਾਬ ਨੂੰ ਤਬਾਹ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਗ਼ਰੀਬਾਂ ਲਈ ਚਲਾਈਆਂ ਗਈਆਂ ਯੋਜਨਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ।
ਰਾਜਨਾਥ ਸਿੰਘ ਨੇ ਸੁਜਾਨਪੁਰ ਹਲਕੇ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਦਿਨੇਸ਼ ਸਿੰਘ ਬੱਬੂ ਨੂੰ ਜਿਤਾ ਕੇ ਚੌਥੀ ਵਾਰ ਵਿਧਾਨ ਸਭਾ ਵਿੱਚ ਭੇਜੋ। ਉਨ੍ਹਾਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਅਤੇ ਦੀਨਾਨਗਰ ਤੋਂ ਉਮੀਦਵਾਰ ਰੇਣੂ ਕਸ਼ਯਪ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਸ਼ਲਾਘਾਯੋਗ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਸੀ ਭਾਈਚਾਰਾ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ। ਭਾਜਪਾ ਸਿਰਫ਼ ਸਰਕਾਰ ਬਣਾਉਣ ਲਈ ਰਾਜਨੀਤੀ ਨਹੀਂ ਕਰਦੀ ਬਲਕਿ ਸਮਾਜ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਰਾਜਨੀਤੀ ਕਰਦੀ ਹੈ ।
ਗੁਰੂ ਦੇ ਨਾਂ ’ਤੇ ਭਾਸ਼ਣ ਸ਼ੁਰੂ ਹੋਣ ਨਾਲ ਚੁੱਪੀ ਛਾਈ
ਕੇਂਦਰੀ ਰੱਖਿਆ ਮੰਤਰੀ ਨੇ ਜਦੋਂ ਭਾਸ਼ਣ ਸ਼ੁਰੂ ਕੀਤਾ ਤਾਂ ਹਾਲ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜਣ ਲੱਗ ਪਿਆ ਪਰ ਕੇਂਦਰੀ ਰੱਖਿਆ ਮੰਤਰੀ ਨੇ ਆਪਣਾ ਭਾਸ਼ਣ ਗੁਰੂ ਨਾਨਕ ਦੇਵ ਜੀ ਦੇ ਜ਼ਿਕਰ ਨਾਲ ਸ਼ੁਰੂ ਕੀਤਾ ਜਿਸ ਕਾਰਨ ਹਾਲ ’ਚ ਚੁੱਪ ਛਾ ਗਈ ਪਰ ਕੁਝ ਸਮਾਂ ਮਗਰੋਂ ਬੋਲੇ ਸੋ ਨਿਹਾਲ ਦੇ ਨਾਅਰੇ ਗੂੰਜਣ ਲੱਗੇ।
ਭਾਜਪਾ ਵਰਕਰਾਂ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ
ਕੇਂਦਰੀ ਰੱਖਿਆ ਮੰਤਰੀ ਦੀ ਆਮਦ ’ਤੇ ਹਾਲ ਭਾਜਪਾ ਵਰਕਰਾਂ ਤੇ ਸਮਰਥਕਾਂ ਨਾਲ ਭਰਿਆ ਹੋਇਆ ਸੀ। ਪ੍ਰਬੰਧਕਾਂ ਵੱਲੋਂ ਮਾਸਕ, ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ।