ਨਵੀਂ ਦਿੱਲੀ, 9 ਅਗਸਤ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਅਫਗਾਨਿਸਤਾਨ ਵਿੱਚ ਤਾਲਿਬਾਨ ਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਹੀ ਜੰਗ ਦੌਰਾਨ ਉਥੋਂ ਦੇ ਸਿੱਖਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਰਗਰਮੀ ਨਾਲ ਕਦਮ ਚੁੱਕਣ ਦਾ ਮੁੱਦਾ ਉਠਾਇਆ ਹੈ। ਇਕ ਪੱਤਰ ਰਾਹੀਂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰ ਵੱਲੋਂ ਅਫਗਾਨਿਸਤਾਨ ਵੱਸਦੇ ਸਿੱਖਾਂ ਦੀ ਰੱਖਿਆ ਲਈ ਦਿਲਚਸਪੀ ਲੈਣੀ ਯਕੀਨੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਅਫਗਾਨਿਸਤਾਨ ਦੇ ਚਮਕਾਨੀ ਸਥਿਤ ਗੁਰਦੁਆਰਾ ਥਾਲਾ ਸਾਹਿਬ ਵਿੱਚੋਂ ਨਿਸ਼ਾਨ ਸਾਹਿਬ ਜਬਰੀ ਉਤਾਰਨ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਉਜਾਗਰ ਕੀਤਾ ਹੈ। ਉਥੇ ਲਗਾਤਾਰ ਸਿੱਖਾਂ ਦੀ ਆਬਾਦੀ ਘੱਟ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚੋਂ ਕੁਝ ਭਾਰਤ ਦੀ ਨਾਗਰਿਕਤਾ ਦੀ ਮੰਗ ਕਰ ਰਹੇ ਹਨ। -ਪੀਟੀਆਈ