ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਦਸੰਬਰ
ਇਥੇ ਬੀਤੀ ਰਾਤ ਇੱਕ ਵਿਅਕਤੀ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਗੋਲੀ ਚਲਾਈ ਅਤੇ ਦਫ਼ਤਰ ਵਿੱਚੋਂ 50 ਹਜ਼ਾਰ ਰੁਪਏ ਤੇ ਆਈਪੈਡ ਚੁੱਕ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਇਸ ਸਬੰਧੀ ਥਾਣਾ ਕਨਟੋਨਮੈਂਟ ਵਿੱਚ ਆਈਪੀਸੀ ਦੀ ਧਾਰਾ 380, 454, 452 ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ। ਦਫ਼ਤਰ ਨਾਲ ਸਬੰਧਤ ਸੌਰਵ ਸ਼ਰਮਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਇਕ ਵਿਅਕਤੀ ਗੁਮਟਾਲਾ ਬਾਈਪਾਸ ’ਤੇ ਸੰਸਦ ਮੈਂਬਰ ਦੇ ਦਫ਼ਤਰ ਆਇਆ ਅਤੇ ਉਸ ’ਤੇ ਗੋਲੀ ਚਲਾਈ। ਇਸ ਮਗਰੋਂ ਮੁਲਜ਼ਮ ਦਫ਼ਤਰ ਵਿੱਚੋਂ ਐਪਲ ਦਾ ਆਈਪੈਡ ਅਤੇ 50 ਹਜ਼ਾਰ ਰੁਪਏ ਦੀ ਲੈ ਕੇ ਫ਼ਰਾਰ ਹੋ ਗਿਆ। ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਜੋਗਿੰਦਰ ਸਿੰਘ ਅਤੇ ਲਵ ਨੂੰ ਨਾਮਜ਼ਦ ਕੀਤਾ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਜੇ ਸੰਸਦ ਮੈਂਬਰ ਦਾ ਦਫ਼ਤਰ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਲੋਕ ਆਪਣੇ-ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ ਜੇਕਰ ਉਹ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਠੀਕ ਢੰਗ ਨਾਲ ਕਾਇਮ ਨਹੀਂ ਰੱਖ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।