ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਇਆ ਸਿਪਾਹੀ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਈਂ ਪੂਈਂ ਦਾ ਵਸਨੀਕ ਸੀ। ਉਹ ਸਾਲ 2014 ਵਿੱਚ ਰਾਸ਼ਟਰੀ ਰਾਈਫ਼ਲ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਤੇ ਇਸ ਵੇਲੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ। ਉਹ ਅਜੇ ਅਣਵਿਆਹਿਆ ਸੀ। ਉਸਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇਕ ਭੈਣ ਅਤੇ ਭਰਾ ਹਨ। ਜਸਬੀਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਪਿੰਡ ਪੁੱਜਦੇ ਸਾਰ ਪਿੰਡ ਵਿੱਚ ਸੋਗ ਫੈਲ ਗਿਆ। ਸ਼ਹੀਦ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ ਤੇ ਮੌਜੂਦਾ ਸਮੇਂ ਉਹ ਜੰਮੂ ਦੇ ਨੌਗਾਮ ਵਿੱਚ ਤਾਇਨਾਤ ਸੀ। ਜਸਬੀਰ ਸਿੰਘ 17 ਨਵੰਬਰ ਨੂੰ ਛੁੱਟੀ ਪੂਰੀ ਕਰਕੇ ਪਿੰਡੋਂ ਵਾਪਸ ਡਿਊਟੀ ’ਤੇ ਗਿਆ ਸੀ। ਸ਼ਹੀਦ ਦੀ ਮਾਂ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਪੁੱਤ ਦੇ ਵਿਆਹ ਦੀਆਂ ਰੀਝਾਂ ਅਧੂਰੀਆਂ ਰਹਿ ਗਈਆਂ ਹਨ। ਪਰਿਵਾਰ ਵੱਲੋਂ ਜਸਬੀਰ ਲਈ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਸ਼ਹੀਦ ਦੀ ਭੈਣ ਰਾਜਵਿੰਦਰ ਕੌਰ ਤੇ ਪਿਤਾ ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਜਸਬੀਰ ਨੇ ਦੇਸ਼ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਹੈ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।