ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਨੌਜਵਾਨ ਭਾਰਤ ਸਭਾ ਨੇ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ, ਲੱਚਰ ਗਾਇਕੀ ਖ਼ਿਲਾਫ਼ ਅਤੇ ਫਿਰੋਜ਼ਪੁਰ ’ਚ ਸ਼ਹੀਦ ਭਗਤ ਸਿੰਘ ਅਤੇ ਮੋਗਾ ’ਚ ਰੀਗਲ ਸਿਨੇਮਾ ਗੋਲੀ ਕਾਂਡ ਨਾਲ ਜੁੜੀਆਂ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਤਿੰਨ ਰੋਜ਼ਾ ਮੋਟਰਸਾਈਕਲ ਮਾਰਚ ਕੱਢੇ। ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਅਤੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਦੱਸਿਆ ਇਹ ਮੋਟਰਸਾਈਕਲ ਮਾਰਚ ਫਾਜ਼ਿਲਕਾ, ਮੋਗਾ, ਜਲੰਧਰ, ਸੰਗਰੂਰ, ਪਟਿਆਲਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਵੱਖ-ਵੱਖ ਥਾਵਾਂ ’ਤੇ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਕੀਤੇ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ’ਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ 84 ਸਾਲ ਪੁਰਾਣੇ ਇਤਿਹਾਸਕ ਗੁਪਤ ਟਿਕਾਣੇ ’ਤੇ ਹੀ ਸ਼ਹੀਦ ਭਗਤ ਸਿੰਘ ਨੇ ਆਪਣੇ ਵਾਲ ਕੱਟੇ, ਸਾਂਡਰਸ ਨੂੰ ਮਾਰਨ ਲਈ ਏਅਰ ਪਿਸਟਲ ਨਾਲ ਸਿਖਲਾਈ ਲਈ ਤੇ ਬੰਗਾਲ ਦੇ ਕ੍ਰਾਂਤੀਕਾਰੀ ਇੱਥੇ ਰਹਿੰਦੇ ਰਹੇ। ਦੂਜੇ ਪਾਸੇ 5 ਅਕਤੂਬਰ, 1972 ਨੂੰ ਰੀਗਲ ਸਿਨੇਮਾ ਮੋਗਾ ’ਚ ਸਰਕਾਰ ਨੇ ਵਿਦਿਆਰਥੀ ਸ਼ਹੀਦ ਕੀਤੇ। ਸਭਾ ਨੇ ਦੋਵੇਂ ਇਤਿਹਾਸਕ ਥਾਵਾਂ ਸਾਂਭਣ ਦੀ ਮੰਗ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਕੇ ਜੀਐੱਸਟੀ ਅਧੀਨ ਲਿਆਂਦਾ ਜਾਵੇ। ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕੀਤੇ ਜਾਣ। ਪੰਜਾਬ ਸਰਕਾਰ ਮੱਤੇਵਾੜਾ ਜੰਗਲ ਦਾ ਉਜਾੜਾ ਤੁਰੰਤ ਬੰਦ ਕਰੇ। ਬੱਸਾਂ ਵਿੱਚ ਚੱਲਦੇ ਲੱਚਰ ਗੀਤਾਂ ’ਤੇ ਪਾਬੰਦੀ ਲੱਗੇ, ਗੀਤਾਂ ਲਈ ਸੈਂਸਰ ਬੋਰਡ ਬਣਾਇਆ ਜਾਵੇ, ਜਿਸ ਵਿੱਚ ਨੌਜਵਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਕੀਤੇ ਜਾਣ।
ਤਿੰਨੋਂ ਖੇਤੀ ਕਾਨੂੰਨ ਅਤੇ ਮਜਦੂਰਾਂ ਵਿਰੋਧੀ ਲੇਬਰ ਕੋਡ ਰੱਦ ਕੀਤੇ ਜਾਣ। ਇਨ੍ਹਾਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰਾਂ, ਐੱਸਡੀਐੱਮਜ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜੇ ਗਏ।