ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੂਨ
ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਗੱਡੀ ਨੇ ਸੋਮਵਾਰ ਦੀ ਦੇਰ ਰਾਤ ਨੂੰ ਚੰਡੀਗੜ੍ਹ ਰੋਡ ਸਥਿਤ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਮੁੰਡੀਆਂ ਕਲਾਂ ਵਾਸੀ ਭਜਨਪਾਲ ਉਰਫ਼ ਰਵੀ ਦੀ ਥਾਂ ’ਤੇ ਹੀ ਮੌਤ ਹੋ ਗਈ। ਦਵਿੰਦਰ ਸਿੰਘ ਘੁਬਾਇਆ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਤੋਂ ਬਾਅਦ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜ ਗਈ। ਕਾਰਵਾਈ ਹੋਣ ਤੋਂ ਬਾਅਦ ਵਿਧਾਇਕ ਘੁਬਾਇਆ ਆਪਣੀ ਦੂਸਰੀ ਗੱਡੀ ’ਚ ਸਵਾਰ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ, ਜਦੋਂ ਕਿ ਗੱਡੀ ਚਲਾਉਣ ਵਾਲੇ ਵਿਧਾਇਕ ਦੇ ਡਰਾਈਵਰ ਸੁਰਿੰਦਰ ਸਿੰਘ ਉਰਫ ਛਿੰਦਾ ਵਾਸੀ ਟਾਹਲ ਵਾਲ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਵਿਧਾਇਕ ਦੀ ਗੱਡੀ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ।
ਚੌਕੀ ਮੁੰਡੀਆਂ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸੋਮਵਾਰ ਦੀ ਰਾਤ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦੋਂ ਉਹ ਮੁੰਡੀਆਂ ਕੋਲ ਪੁੱਜੇ ਤਾਂ ਸਰਕਾਰੀ ਸਕੂਲ ਨੇੜੇ ਇੱਕ ਮੋਟਰਸਾਈਕਲ ਮੁੜ ਰਿਹਾ ਸੀ, ਜਿਸ ਨਾਲ ਗੱਡੀ ਦੀ ਟੱਕਰ ਹੋ ਗਈ। ਇਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਪੂਰੀ ਹੋਣ ’ਤੇ ਵਿਧਾਇਕ ਘੁਬਾਇਆ ਦੂਸਰੀ ਗੱਡੀ ’ਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ। ਪੁਲੀਸ ਨੇ ਦੱਸਿਆ ਕਿ ਜਾਂਚ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਡਰਾਈਵਰ ਛਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।