ਚਰਨਜੀਤ ਭੁੱਲਰ
ਚੰਡੀਗੜ੍ਹ, 29 ਜੁਲਾਈ
ਲੁਧਿਆਣਾ ਦੇ ਪਿੰਡ ਢੋਲਣਵਾਲ ਦੀ ਬਲਜੀਤ ਕੌਰ ਨੂੰ ਅਜੇ ਤੱਕ ਸਰਕਾਰੀ ‘ਆਸ਼ੀਰਵਾਦ’ ਨਹੀਂ ਮਿਲਿਆ ਭਾਵੇਂ ਉਹ ਮਾਂ ਬਣ ਚੁੱਕੀ ਹੈ ਅਤੇ ਊਸ ਦੀ ਬੱਚੀ ਵੀ ਚਾਰ ਮਹੀਨਿਆਂ ਦੀ ਹੋ ਗਈ ਹੈ। ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਆਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੇ 21 ਹਜ਼ਾਰ ਰੁਪਏ ਦੀ ਊਡੀਕ ਹੈ। ਵਿਧਵਾ ਮਾਂ ਕਸ਼ਮੀਰ ਕੌਰ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਬਲਜੀਤ ਕੌਰ ਦਾ ਵਿਆਹ 12 ਮਈ 2019 ਨੂੰ ਕੀਤਾ ਸੀ। ਕਸ਼ਮੀਰ ਕੌਰ ਦਾ ਕਹਿਣਾ ਹੈ ਕਿ ਸਰਕਾਰੀ ਸ਼ਗਨ ਦੀ ਝਾਕ ਵਿਚ ਕਰਜ਼ਾ ਚੁੱਕ ਲਿਆ। ਸਰਕਾਰੀ ਰਾਸ਼ੀ ਹਾਲੇ ਤੱਕ ਨਹੀਂ ਮਿਲੀ ਅਤੇ ਕਰਜ਼ੇ ’ਤੇ ਵਿਆਜ ਪੈ ਰਿਹਾ ਹੈ।
ਲੁਧਿਆਣਾ ਦੇ ਦੀਪ ਨਗਰ ਦੇ ਮਜ਼ਦੂਰ ਨਿਰਮਲ ਕੁਮਾਰ ਨੂੰ ਮਹਾਮਾਰੀ ਕਰਕੇ ਮਜ਼ਦੂਰੀ ਨਹੀਂ ਮਿਲ ਰਹੀ। ਉਸ ਨੇ ਆਪਣੀ ਧੀ ਰੁਬੀਨਾ ਦਾ ਵਿਆਹ ਕਰਜ਼ ਚੁੱਕ ਕੇ 27 ਅਪਰੈਲ 2019 ਨੂੰ ਕੀਤਾ ਸੀ ਪਰ ਅਜੇ ਤੱਕ ਸਰਕਾਰ ਨੇ ਆਸ਼ੀਰਵਾਦ ਸਕੀਮ ਦੀ ਰਾਸ਼ੀ ਨਹੀਂ ਦਿੱਤੀ। ਨਿਰਮਲ ਕੁਮਾਰ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਚੁੱਕਿਆ ਹੈ। ਲੁਧਿਆਣਾ ਦੇ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਸ ਪ੍ਰਵਾਨਗੀ ਲਈ ਭੇਜੇ ਹੋਏ ਹਨ ਅਤੇ ਜੂਨ 2019 ਤੋਂ ਪੈਸਾ ਨਹੀਂ ਆਇਆ ਹੈ।
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੁਹਾੜਕਾ ਦੇ ਕਾਮੇ ਗੁਲਜ਼ਾਰ ਸਿੰਘ ਦੀ ਧੀ ਕੋਮਲਪ੍ਰੀਤ ਕੌਰ ਕੋਲ ਤਿੰਨ ਮਹੀਨਿਆਂ ਦੀ ਬੱਚੀ ਹੈ ਪਰ ਸਰਕਾਰੀ ਸ਼ਗਨ ਹਾਲੇ ਤੱਕ ਨਹੀਂ ਮਿਲਿਆ। ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਸ ਨੇ ਤਾਂ ਸਰਕਾਰੀ ਰਾਸ਼ੀ ਦੀ ਝਾਕ ਵਿਚ ਧੀ ਨੂੰ ਕੋਈ ਸਮਾਨ ਵੀ ਨਹੀਂ ਦਿੱਤਾ। ਤਰਨ ਤਾਰਨ ਦੇ ਪਿੰਡ ਬਾਗੜੀਆ ਦੇ ਰਿਕਸ਼ਾ ਚਾਲਕ ਹਰਬੰਸ ਸਿੰਘ ਦੀ ਧੀ ਪ੍ਰਵੀਨ ਕੌਰ ਦੇ ਵਿਆਹ ਨੂੰ 13 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਸਰਕਾਰੀ ‘ਆਸ਼ੀਰਵਾਦ’ ਨਹੀਂ ਮਿਲਿਆ। ਤਰਨ ਤਾਰਨ ਦੇ ਜ਼ਿਲ੍ਹਾ ਭਲਾਈ ਅਫ਼ਸਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ 1300 ਕੇਸ ਹਾਲੇ ਬਕਾਇਆ ਪਏ ਹਨ। ਪਿੰਡ ਖੁੰਡੇ ਹਲਾਲ ਦੀ ਰਮਨਦੀਪ ਕੌਰ ਦੇ ਘਰ ਇੱਕ-ਦੋ ਹਫ਼ਤਿਆਂ ਵਿਚ ਖੁਸ਼ਖਬਰੀ ਆਉਣ ਵਾਲੀ ਹੈ ਪ੍ਰੰਤੂ ਇਸ ਧੀ ਨੂੰ ਵੀ ਸਰਕਾਰੀ ਸ਼ਗਨ ਨਹੀਂ ਮਿਲਿਆ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਨੈਣੇਵਾਲ ਦੀ ਰਜਿੰਦਰ ਕੌਰ ਦਾ ਵਿਆਹ 2 ਜੂਨ 2019 ਨੂੰ ਹੋਇਆ ਸੀ ਪ੍ਰੰਤੂ ਉਸ ਨੂੰ ਸਰਕਾਰੀ ਸ਼ਗਨ ਨਹੀਂ ਮਿਲਿਆ। ਭਰਾ ਤਰਸਪਾਲ ਸਿੰਘ ਨੇ ਦੱਸਿਆ ਕਿ ਵਿਆਹ ਵਾਸਤੇ 70 ਹਜ਼ਾਰ ਰੁਪਏ ਕਰਜ਼ਾ ਚੁੱਕਿਆ ਸੀ, ਜਿਸ ਦਾ ਹੁਣ ਵਿਆਜ ਪੈ ਗਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਮੁਕਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਸੈਂਕੜੇ ਕੇਸ ਬਕਾਇਆ ਹਨ, ਜਿਨ੍ਹਾਂ ਬਾਰੇ ਉਹ ਭਲਕੇ ਜ਼ਿਲ੍ਹਾ ਭਲਾਈ ਅਫ਼ਸਰ ਨੂੰ ਮਿਲਣ ਜਾ ਰਹੇ ਹਨ।
ਜ਼ਿਲ੍ਹਾ ਮਾਨਸਾ ਦੇ 2019-20 ਦੇ ਕਰੀਬ 2033 ਕੇਸ ਬਕਾਇਆ ਪਏ ਹਨ, ਜਿਨ੍ਹਾਂ ਵਾਸਤੇ 4.26 ਕਰੋੜ ਰੁਪਏ ਦੀ ਲੋੜ ਹੈ। ਇਸੇ ਤਰ੍ਹਾ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਕਰੀਬ 372 ਕੇਸ ਪੈਂਡਿੰਗ ਪਏ ਹਨ। ਜ਼ਿਲ੍ਹਾ ਮੁਕਤਸਰ ਵਿਚ ਕਰੀਬ 1300 ਕੇਸ ਬਕਾਇਆ ਪਏ ਹਨ। ਅੰਦਾਜ਼ੇ ਅਨੁਸਾਰ ਪੰਜਾਬ ਵਿਚ ਕਰੀਬ 20 ਹਜ਼ਾਰ ਲਾਭਪਾਤਰੀਆਂ ਨੂੰ ਸਰਕਾਰੀ ਸਕੀਮ ਦੀ ਰਾਸ਼ੀ ਹਾਲੇ ਤੱਕ ਨਹੀਂ ਮਿਲੀ ਹੈ। ਕਰੀਬ 700 ਪਰਿਵਾਰਾਂ ਵਿਚ ਤਾਂ ਲੜਕੀਆਂ ਦੀ ਗੋਦੀ ਬੱਚੇ ਵੀ ਖੇਡਣ ਲੱਗ ਪਏ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ 21 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਮਹਾਮਾਰੀ ਕਰਕੇ ਦੇਰੀ ਹੋਈ: ਧਰਮਸੋਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਮਹਿਕਮੇ ਵਲੋਂ ਹਰ ਤਿੰਨ ਮਹੀਨਿਆਂ ਮਗਰੋਂ ਸਰਕਾਰੀ ਰਾਸ਼ੀ ਭੇਜ ਦਿੱਤੀ ਜਾਂਦੀ ਹੈ ਪ੍ਰੰਤੂ ਹੁਣ ਮਹਾਮਾਰੀ ਕਰਕੇ ਥੋੜ੍ਹੀ ਦੇਰੀ ਹੋਈ ਹੈ। ਉਹ ਫਰਵਰੀ 2020 ਤੱਕ ਰਾਸ਼ੀ ਭੇਜ ਚੁੱਕੇ ਹਨ। ਕਈ ਕੇਸ ਤਕਨੀਕੀ ਅੜਚਣਾਂ ਕਰਕੇ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਹੀਲੇ ਇਸ ਸਕੀਮ ਦੀ ਰਾਸ਼ੀ 51 ਹਜ਼ਾਰ ਕੀਤੀ ਜਾਵੇਗੀ।