ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਜੁਲਾਈ
ਪਿੰਡ ਭੋਤਨਾ ’ਚ ਕਰੀਬ 9 ਮਹੀਨੇ ਪਹਿਲਾਂ ਕਰਜ਼ੇ ਹੇਠ ਆਏ ਇੱਕ ਪਰਿਵਾਰ ਦੇ ਪੰਜਵੇਂ ਜੀਅ ਦੀ ਖ਼ੁਦਕੁਸ਼ੀ ਨੇ ਕਿਸਾਨੀ ਦੀ ਤਰਸਯੋਗ ਹਾਲਤ ਸਾਹਮਣੇ ਲਿਆਂਦੀ ਸੀ। ਇੱਕੋ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਕਰਜ਼ੇ ਦੀ ਭੇਟ ਚੜ੍ਹਨ ਮਗਰੋਂ ਵੀ ਹਾਕਮਾਂ ਦਾ ਦਿਲ ਨਹੀਂ ਪਸੀਜਿਆ। ਪਰਿਵਾਰ ਦੇ ਆਖ਼ਰੀ ਚਿਰਾਗ ਲਵਪ੍ਰੀਤ ਦੇ ਖ਼ੁਦਕੁਸ਼ੀ ਕਰਨ ਮਗਰੋਂ ਪੀੜਤ ਪਰਿਵਾਰ ’ਚ ਰਹਿੰਦੀਆਂ ਮਾਵਾਂ-ਧੀਆਂ ਨੂੰ ਕਰਜ਼ਾ ਉਤਾਰਨ ਲਈ ਘਰ ਦਾ ਸਾਮਾਨ ਵੇਚਣਾ ਪੈ ਰਿਹਾ ਹੈ।
ਸੂਬਾ ਸਰਕਾਰ ਨੇ ਜਿਸ ਦਿਨ ਮਾਨਸਾ ਜ਼ਿਲ੍ਹੇ ’ਚੋਂ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਸੀ, ਉਸੇ ਦਿਨ ਭੋਤਨਾ ਦੇ ਇਸ ਪਰਿਵਾਰ ਦਾ ਮੁਖੀ ਕੁਲਵੰਤ ਸਿੰਘ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ। ਸਤੰਬਰ 2019 ਵਿੱਚ ਕੁਲਵੰਤ ਦਾ 22 ਸਾਲਾ ਪੁੱਤ ਲਵਪ੍ਰੀਤ ਵੀ ਕਰਜ਼ੇ ਤੋਂ ਤੰਗ ਆ ਕੇ ਪਿਉ-ਦਾਦੇ ਦੇ ਰਸਤੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਗਿਆ।
ਲਵਪ੍ਰੀਤ ਦੀ ਮਾਤਾ ਹਰਪਾਲ ਕੌਰ ਦੱਸਦੀ ਹੈ ਕਿ ਪੁੱਤ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਸਿਰ ਕਰੀਬ ਸਾਢੇ 12 ਲੱਖ ਦਾ ਕਰਜ਼ਾ ਸੀ। ਲਵਪ੍ਰੀਤ ਦੇ ਸਪਰੇਅ ਪੀਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਅਤੇ ਲਾਸ਼ ਲੈਣ ਤੱਕ 1.40 ਲੱਖ ਰੁਪਏ ਦਾ ਕਰਜ਼ਾ ਹੋਰ ਲੈਣਾ ਪਿਆ। ਉਨ੍ਹਾਂ ਦੱਸਿਆ ਕਿ ਕੁਝ ਸਮਾਜ ਸੇਵਕ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ ਪਰ ਸਰਕਾਰ ਨੇ ਕੁਝ ਨਹੀਂ ਕੀਤਾ। ਪੁੱਤ ਦੀ ਮੌਤ ਤੋਂ ਬਾਅਦ ਠੇਕੇ ’ਤੇ ਲਈ ਜ਼ਮੀਨ ਦੀ ਹਾੜ੍ਹੀ-ਸਾਉਣੀ ਦੀ ਫ਼ਸਲ ਵੇਚ ਕੇ ਕੁੱਝ ਕਰਜ਼ਾ ਲਾਹਿਆ। ਆੜ੍ਹਤੀਏ ਦਾ ਕਰਜ਼ਾ ਲਾਹੁਣ ਲਈ ਮਜਬੂਰੀ ’ਚ ਇੱਕ ਲੱਖ ਰੁਪਏ ਦਾ ਟਰੈਕਟਰ ਵੇਚ ਦਿੱਤਾ।
ਹਾਲੇ ਵੀ ਪਰਿਵਾਰ ਸਿਰ ਆੜ੍ਹਤੀਏ ਦਾ 1.10 ਲੱਖ ਕਰਜ਼ਾ ਹੈ। ਪੰਜਾਬ ਐਂਡ ਸਿੰਧ ਬੈਂਕ ਦੀ ਜ਼ਮੀਨ ’ਤੇ ਡੇਢ ਲੱਖ ਦੀ ਲਿਮਟ ਚੱਲ ਰਹੀ ਹੈ, ਜਿਸ ਦਾ ਪਿਛਲੇ ਕਰੀਬ ਡੇਢ ਸਾਲ ਤੋਂ ਉਹ ਵਿਆਜ ਵੀ ਨਹੀਂ ਮੋੜ ਸਕੇ। ਬਰਨਾਲਾ ਦੀ ਨਿੱਜੀ ਬੈਂਕ ਤੋਂ 80 ਹਜ਼ਾਰ ਦਾ ਕਰਜ਼ਾ ਕਿਸ਼ਤਾਂ ਦੇ ਰੂਪ ’ਚ ਉਤਾਰਿਆ ਜਾ ਰਿਹਾ ਹੈ।
ਹਰਪਾਲ ਕੌਰ ਨੇ ਦੱਸਿਆ ਕਿ ਪੁੱਤ ਦੀ ਖ਼ੁਦਕੁਸ਼ੀ ਦਾ ਤਾਂ ਦੂਰ ਹਾਲੇ ਤੱਕ ਸਰਕਾਰ ਨੇ ਪਤੀ ਦੀ ਖ਼ੁਦਕੁਸ਼ੀ ਦਾ ਵੀ ਮੁਆਵਜ਼ਾ ਨਹੀਂ ਦਿੱਤਾ। ਉਹ ਸਰਕਾਰੀ ਦਫ਼ਤਰਾਂ ਵਿੱਚ ਕਈ ਵਾਰ ਗੇੜੇ ਕੱਢ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਹਰਪਾਲ ਕੌਰ ਵੱਲੋਂ ਹੁਣ ਇਕ ਏਕੜ ਜ਼ਮੀਨ ’ਤੇ ਖੇਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 2 ਮੱਝਾਂ ਅਤੇ 2 ਗਾਵਾਂ ਪਾਲ ਕੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਵੀ ਉਹ ਪਸ਼ੂ ਵੇਚ ਕੇ ਕੁੱਝ ਕਰਜ਼ਾ ਲਾਹੁਣ ਦੀ ਸੋਚ ਰਹੇ ਹਨ।
ਮਾਮਲਾ ਧਿਆਨ ਵਿੱਚ: ਡੀਸੀ
ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਕਿ ਮਾਮਲਾ ਧਿਆਨ ’ਚ ਹੈ। ਪਰਿਵਾਰ ਦੀ ਮੁਆਵਜ਼ਾ ਫਾਈਲ ਦੇ ਸਟੇਟਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨਾਲ ਗੱਲ ਕਰਕੇ ਜਲਦੀ ਹੀ ਬਣਦੀ ਮਦਦ ਦਿੱਤੀ ਜਾਵੇਗੀ।