ਪਰਸ਼ੋਤਮ ਬੱਲੀ
ਬਰਨਾਲਾ, 10 ਅਪਰੈਲ
ਸਾਹਿਤਕ ਜਥੇਬੰਦੀਆਂ ਵੱਲੋਂ ਅੱਜ ਇੱਥੋਂ ਦੇ ਰਾਮ ਸਰੂਪ ਸੰਗੀਤ ਸਦਨ ਵਿੱਚ ਸਾਹਿਤ ਰਤਨ ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦੇ 90ਵੇਂ ਜਨਮ ਦਿਨ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਸਨਮਾਨ ਯਾਤਰਾ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਗਾਸੋ ਗਿਆਨ ਦੇ ਦੀਵੇ ਬਾਲਣ ਵਾਲੀ ਉੱਚ ਬੌਧਿਕ ਸ਼ਖ਼ਸੀਅਤ ਹਨ। ਡਾ. ਜੋਗਾ ਸਿੰਘ ਨੇ ਗਾਸੋ ਨੂੰ ਪੰਜਾਬੀ ਭਾਸ਼ਾ ਦੇ ਰਿਸ਼ੀ ਬਿਆਨਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਨੇ ਕਿਹਾ ਕਿ ਗਾਸੋ ਮਾਨਵੀ ਸਾਂਝ ਦੀ ਸੋਝੀ ਕਰਵਾਉਂਦੀ ਸ਼ਖ਼ਸੀਅਤ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਸਾਰੀਆਂ ਧਿਰਾਂ ਨੂੰ ਗਾਸੋ ਦੀ ਰਹਿਨੁਮਾਈ ’ਚ ਇਕੱਠੇ ਹੋ ਕੇ ਪੰਜਾਬੀ ਮਾਂ ਬੋਲੀ ਦੇ ਬਚਾਅ ਤੇ ਵਿਕਾਸ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਅਰਵਿੰਦਰ ਕੌਰ ਕਾਕੜਾ, ਪੱਤਰਕਾਰ ਬਲਵਿੰਦਰ ਜੰਮੂ, ਸਤੀਸ਼ ਗੁਲਾਟੀ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੋਂ ਪੰਜਾਬੀ ਭਾਸ਼ਾ ਪ੍ਰਤੀ ਨੀਤੀ ਸਪੱਸ਼ਟ ਕਰਨ ਅਤੇ ਪਿਛਲੀ ਸਰਕਾਰ ਵੱਲੋਂ ਸਾਹਿਤਕਾਰਾਂ ਲਈ ਐਲਾਨੇ ਗਏ ਪੁਰਸਕਾਰ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਓਮ ਪ੍ਰਕਾਸ਼ ਗਾਸੋ ਨੇ ਆਪਣੇ ਨੌਂ ਦਹਾਕਿਆਂ ਦੇ ਜੀਵਨ ਸਫ਼ਰ ’ਚੋਂ ਕੁੱਝ ਤਜਰਬੇ ਸਾਂਝੇ ਕੀਤੇ। ਉਨ੍ਹਾਂ ਸਵਾਸ-ਸਵਾਸ ਸਮਾਜਿਕ ਸਰੋਕਾਰਾਂ ਸੰਗ ਨਿਭਣ ਅਤੇ ਸੁਚੱਜੇ ਸਮਾਜ ਤੇ ਕਿਰਦਾਰਾਂ ਦੀ ਤਾਂਘ ’ਚ ਬੌਧਿਕ ਤੇ ਅਮਲੀ ਤੌਰ ’ਤੇ ਸਰਗਰਮ ਰਹਿਣ ਦਾ ਅਹਿਦ ਵੀ ਦੁਹਰਾਇਆ। ਪ੍ਰਧਾਨਗੀ ਮੰਡਲ ’ਚ ਪ੍ਰੋ. ਕਰਮਜੀਤ ਸਿੰਘ ਧਾਲੀਵਾਲ ਤੇ ਤਰਸੇਮ ਬਰਨਾਲਾ ਵੀ ਸ਼ਾਮਲ ਸਨ। ਮੰਚ ਸੰਚਾਲਨ ਡਾ. ਸੁਦਰਸ਼ਨ ਗਾਸੋ ਤੇ ਡਾ. ਤਰਸਪਾਲ ਕੌਰ ਨੇ ਕੀਤਾ। ਮਗਰੋਂ ਪੰਜਾਬੀ ਮਾਂ ਬੋਲੀ ਦੇ ਸਨਮਾਨ ’ਚ ਸੰਗੀਤ ਸਦਨ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਮਾਰਚ ਕੀਤਾ ਗਿਆ। ਇਸ ਦੌਰਾਨ ਓਮ ਪ੍ਰਕਾਸ਼ ਗਾਸੋ ਦੇ ਨਾਵਲ ‘ਸੁਪਨੇ ਤੇ ਸੰਸਕਾਰ’ ਦਾ ਚੌਥਾ ਸੰਸਕਰਨ, ਡਾ. ਰਵਿੰਦਰ ਗਾਸੋ ਦੀ ‘ਗੁਰੂ ਨਾਨਕ ਦੇਵ ਵਿਅਕਤਿਤਵ ਔਰ ਵਿਚਾਰ ਧਾਰਾ’ (ਹਿੰਦੀ) ਅਤੇ ਡਾ. ਸੁਦਰਸ਼ਨ ਦੇ ਪੰਜਾਬੀ ਕਾਵਿ ਸੰਗ੍ਰਹਿ ‘ਗਾਉਂਦੇ ਜਜ਼ਬੇ’ ਸਮੇਤ ਕੁੱਲ 14 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਗਮਦੂਰ ਰੰਗੀਲਾ, ਪਵਨ ਪਰਿੰਦਾ, ਰਵੀ ਗਾਸੋ, ਮਾਲਵਿੰਦਰ ਮਾਲੀ, ਰਾਜਵਿੰਦਰ ਸਿੰਘ ਰਾਹੀ, ਡਾ. ਤੇਜਾ ਸਿੰਘ ਤਿਲਕ ਆਦਿ ਹਾਜ਼ਰ ਸਨ।