ਪੱਤਰ ਪ੍ਰੇਰਕ
ਸਮਰਾਲਾ, 8 ਨਵੰਬਰ
ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਪੂਨੀਆ ਵਿੱਚ ਨਸ਼ੇੜੀ ਵਿਅਕਤੀ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਕਥਿਤ ਤੌਰ ’ਤੇ ਆਪਣੀ ਮਾਂ ਨੂੰ ਸੋਟੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਵਨ ਸਿੰਘ ਉਰਫ਼ ਜੱਗੀ (35) ਨੇ ਆਪਣੀ ਮਾਂ ਭਿੰਦਰ ਕੌਰ (60) ਕੋਲੋਂ ਪੈਸੇ ਮੰਗੇ। ਭਿੰਦਰ ਕੌਰ ਨੇ ਪੈਸੇ ਨਾ ਦਿੱਤੇ ਤਾਂ ਜਗਜੀਵਨ ਨੇ ਉਸ ਨੂੰ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਭਿੰਦਰ ਕੌਰ ਦੀ ਮੌਤ ਹੋਣ ਮਗਰੋਂ ਜਗਜੀਵਨ ਉਥੋਂ ਫਰਾਰ ਹੋ ਗਿਆ। ਦਿਨ ਚੜ੍ਹਨ ’ਤੇ ਘਰ ਦੇ ਵਿਹੜੇ ਵਿੱਚ ਲਾਸ਼ ਪਈ ਵੇਖ ਕੇ ਪਿੰਡ ਵਾਲਿਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਨਸ਼ੇ ਦੀ ਆਦਤ ਕਰਕੇ ਹੀ ਜਗਜੀਵਨ ਦੀ ਪਤਨੀ ਤੇ ਬੱਚੇ ਵੀ ਉਸ ਨੂੰ ਛੱਡ ਕੇ ਜਾ ਚੁੱਕੇ ਹਨ। ਪੁਲੀਸ ਨੇ ਭਿੰਦਰ ਕੌਰ ਦੇ ਛੋਟੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਜਗਜੀਵਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।