ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਮਈ
ਅੱਜ ਸਵੇਰੇ ਪਿੰਡ ਮਹਿਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਪੁਲੀਸ ਚੌਕੀ ਮਹਿਲਾਂ ਚੌਕ ਦੇ ਮੁਲਾਜ਼ਮ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਸੱਤ ਵਜੇ ਪਿੰਡ ਗੁਰਨੇ ਕਲਾਂ ਦਾ ਵਸਨੀਕ ਗੁਰਵਿੰਦਰ ਸਿੰਘ ਕਾਰ ਰਾਹੀਂ ਆਪਣੀ ਮਾਂ, ਪਤਨੀ ਅਤੇ ਬੇਟੀ ਸਣੇ ਪਟਿਆਲਾ ਵੱਲੋਂ ਆ ਰਿਹਾ ਸੀ। ਕਾਰ ਸਵਾਰ ਪਿੰਡ ਮਹਿਲਾਂ ਨੇੜੇ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਨੂੰ ਕੋਈ ਹੋਰ ਵਾਹਨ ਫੇਟ ਮਾਰ ਗਿਆ। ਇਸ ਕਾਰਨ ਬੇਕਾਬੂ ਹੋਈ ਕਾਰ ਖੇਤਾਂ ਵਿੱਚ ਪਲਟ ਗਈ। ਉਨ੍ਹਾਂ ਦੱਸਿਆ ਇਹ ਵੀ ਅਨੁਮਾਨ ਹੈ ਕਿ ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਹਾਦਸੇ ਤੋਂ ਬਾਅਦ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾਉਂਦੀ ਹੋਈ ਖੇਤਾਂ ਵਿੱਚ ਜਾ ਡਿੱਗੀ। ਪੁਲੀਸ ਅਨੁਸਾਰ ਹਾਦਸੇ ਵਿੱਚ ਕਾਰ ਚਾਲਕ ਗੁਰਵਿੰਦਰ ਸਿੰਘ ਅਤੇ ਉਸ ਨਾਲ ਅਗਲੀ ਸੀਟ ’ਤੇ ਬੈਠੀ ਉਸ ਦੀ ਮਾਤਾ ਕਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠੀ ਗੁਰਵਿੰਦਰ ਸਿੰਘ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਪੁਲੀਸ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਦੀ ਟੱਕਰ ਵੱਜਣ ਨਾਲ 2 ਨੌਜਵਾਨ ਹਲਾਕ
ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ਕੋਲ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋੜ ’ਤੇ ਖੜ੍ਹੇ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੁਰਜੰਟ ਸਿੰਘ (25) ਪੁੱਤਰ ਜਗਜੀਤ ਸਿੰਘ ਅਤੇ ਗੁਰਵਿੰਦਰ ਸਿੰਘ (26) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗਾਜੇਵਾਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਕੋਲ ਖੜ੍ਹਾ ਉਨ੍ਹਾਂ ਦਾ ਦੋਸਤ ਬਲਕਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੋਂ ਉਸ ਨੂੰ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਫ਼ਿਰ ਪੀਜੀਆਈ ਚੰਡੀਗੜ੍ਹ ਰੈੱਫਰ ਕਰ ਦਿੱਤਾ ਗਿਆ ਹੈ। ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਏਐੱਸਆਈ ਚਰਨਜੀਤ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰ ਕਬਜ਼ੇ ਵਿੱਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।