ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਕਤੂਬਰ
ਪਿੰਡ ਖੁਰਾਣਾ ਨੇੜੇ ਟਰੈਕਟਰ-ਟਰਾਲੀ ਅਤੇ ਆਲਟੋ ਕਾਰ ਵਿਚਕਾਰ ਹੋਈ ਟੱਕਰ ਦੌਰਾਨ ਕਾਰ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਮ੍ਰਿਤਕਾ ਦੀ ਨੂੰਹ ਜ਼ਖ਼ਮੀ ਹੋ ਗਈ। ਟਰੈਕਟਰ ਚਾਲਕ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਸਥਾਨਕ ਮੈਗਜ਼ੀਨ ਮੁਹੱਲੇ ਦੇ ਵਸਨੀਕ ਸਨ ਜੋ ਪਟਿਆਲਾ ਤੋਂ ਵਾਪਸ ਆ ਰਹੇ ਸਨ। ਪੁਲੀਸ ਨੇ ਟਰੈਕਟਰ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਦੀਪਕ ਕੁਮਾਰ (42) ਪੁੱਤਰ ਵਿਜੇ ਕੁਮਾਰ ਆਪਣੀ ਪਤਨੀ ਦੀਪਿਕਾ (40) ਤੇ ਮਾਤਾ ਰੀਤਾ ਰਾਣੀ (65) ਨਾਲ ਕਾਲੀ ਮਾਤਾ ਮੰਦਰ ਪਟਿਆਲਾ ’ਚ ਮੱਥਾ ਟੇਕ ਕੇ ਪਰਤ ਰਿਹਾ ਸੀ। ਪੌਣੇ ਗਿਆਰਾਂ ਵਜੇ ਸ਼ਹਿਰ ਤੋਂ ਛੇ ਕਿਲੋਮੀਟਰ ਪਿੱਛੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਪਿੰਡ ਖੁਰਾਣਾ ਨੇੜੇ ਸਾਹਮਣੇ ਜਾ ਰਹੀ ਟਰੈਕਟਰ-ਟਰਾਲੀ ਨਾਲ ਪਿੱਛੋਂ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਟਰੈਕਟਰ-ਟਰਾਲੀ ਵੀ ਪਲਟ ਗਏ। ਲੋਕਾਂ ਨੇ ਕਾਰ ਸਵਾਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੀਪਕ ਤੇ ਰੀਤਾ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪਿਕਾ ਦੀ ਹਾਲਤ ਗੰਭੀਰ ਹੈ।