ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਪੰਜਾਬ ਦੇ ਚੋਣ ਮੈਦਾਨ ’ਚ 1000 ਤੋਂ ਵੱਧ ਉਮੀਦਵਾਰ ਨਿਤਰੇ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਕਿਸਾਨ ਜਥੇਬੰਦੀਆਂ ’ਤੇ ਅਧਾਰਿਤ ਸੰਯੁਕਤ ਸਮਾਜ ਮੋਰਚਾ-ਸੰਯੁਕਤ ਸਮਾਜ ਪਾਰਟੀ ਦੇ ਗੱਠਜੋੜ, ਲੋਕ ਇਨਸਾਫ਼ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਆਦਿ ਸਮੇਤ ਆਜ਼ਾਦ ਉਮੀਦਵਾਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਸੂਬੇ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀ ਵਾਪਸ ਲੈਣ ਦਾ ਅਮਲ ਖ਼ਤਮ ਹੋਣ ਮਗਰੋਂ ਅੱਜ ਚੋਣ ਅਧਿਕਾਰੀਆਂ ਨੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਚੋਣ ਮੈਦਾਨ ਵਿੱਚ ਤਿੰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਆਪੋ-ਆਪਣੇ ਰਵਾਇਤੀ ਵਿਧਾਨ ਸਭਾ ਹਲਕਿਆਂ ਕ੍ਰਮਵਾਰ ਲੰਬੀ, ਪਟਿਆਲਾ (ਸ਼ਹਿਰੀ) ਅਤੇ ਲਹਿਰਾਗਾਗਾ ਤੋਂ ਕਿਸਮਤ ਅਜ਼ਮਾਉਣਗੇ। ਪੰਜਾਬ ਦੇ ਚੋਣ ਮੈਦਾਨ ਵਿੱਚ ਉਕਤ ਆਗੂਆਂ ਸਮੇਤ ਜਿਹੜੇ ਹੋਰ ਸਿਆਸੀ ਆਗੂ ਆਪਣੀ ਕਿਸਮਤ ਅਜ਼ਮਾਉਣ ਲਈ ਲੋਕ ਕਚਹਿਰੀ ਵਿੱਚ ਗਏ ਹਨ ਉਨ੍ਹਾਂ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ, ਭਾਰਤ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਮੰਤਰੀ ਪਰਗਟ ਸਿੰਘ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਕੁਮਾਰ ਸਾਂਪਲਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਕਾਰੋਬਾਰੀ ਅਰਵਿੰਦ ਖੰਨਾ, ਗਾਇਕ ਸਿੱਧੂ ਮੂਸੇਵਾਲਾ, ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਗਾਇਕਾ ਅਨਮੋਲ ਗਗਨ ਮਾਨ, ਗਾਇਕ ਬਲਕਾਰ ਸਿੰਘ ਸਿੱਧੂ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਮ ਪ੍ਰਕਾਸ਼ ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ, ਚਰਚਿਤ ਆਗੂਆਂ ਵਿੱਚ ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਜੀਠੀਆ ਪਰਿਵਾਰ ਵਿੱਚੋਂ ਪਹਿਲੀ ਵਾਰੀ ਕੋਈ ਔਰਤ ਬਿਕਰਮ ਮਜੀਠੀਆ ਦੀ ਪਤਨੀ ਚੋਣ ਲੜਨ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਆਈਏਐੱਸ ਅਧਿਕਾਰੀ, ਕਾਂਗਰਸ ਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਮੌਜੂਦਾ ਮੰਤਰੀ ਮੈਦਾਨ ਵਿੱਚ ਹਨ। ਕਾਂਗਰਸ ਦੇ ਆਗੂ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ’ਚ ਹਨ।
ਮਜੀਠੀਆ ਤੇ ਸਿੱਧੂ ਨੇ ਮਾਝੇ ’ਚ ਚੋਣ ਮਾਹੌਲ ਦਿਲਚਸਪ ਬਣਾਇਆ
ਅੰਮ੍ਰਿਤਸਰ (ਪੂਰਬੀ) ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਲ ਲਿਆਂਦੇ ਜਾਣ ਕਾਰਨ ਮਾਝੇ ਵਿੱਚ ਚੋਣ ਮਾਹੌਲ ਦਿਲਚਸਪ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤੋਂ ਉਮੀਦਵਾਰ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਨੇ ਦੋ ਵਿਧਾਨ ਸਭਾ ਹਲਕਿਆਂ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਮੈਦਾਨ ’ਚ ਹਨ।