ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 12 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ (ਉਡਣ ਦਸਤਾ-1) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਦੇ ਬੈਂਕ ਲਾਕਰ ’ਚੋਂ ਕਿੱਲੋ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਉਹ 14 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਹੈ। ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਨੇ ਸਾਬਕਾ ਵਿਜੀਲੈਂਸ ਅਧਿਕਾਰੀ ਦੇ ਲਾਕਰ ’ਚੋਂ ਗਹਿਣੇ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਆਸ਼ੀਸ਼ ਕਪੂਰ ਵੀ ਮੌਜੂਦ ਸੀ। ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ-22 ਸਥਿਤ ਐੱਚਡੀਐੱਫਸੀ ਬੈਂਕ ਵਿਚਲੇ ਲਾਕਰ ਦਾ ਤਾਲਾ ਖੋਲ੍ਹਿਆ ਸੀ। ਤਲਾਸ਼ੀ ਦੌਰਾਨ ਲਾਕਰ ’ਚੋਂ ਇੱਕ ਕਿੱਲੋ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ।
ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਨੇ ਇਹ ਸਾਰੇ ਗਹਿਣੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਸ਼ੀਸ਼ ਕਪੂਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰਨਾਲ ਵਿੱਚ ਸਰਾਫ਼ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਸੀ। ਉਸ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਕਿ ਏਆਈਜੀ ਆਸ਼ੀਸ਼ ਕਪੂਰ ਨੇ ਉਸ ਨੂੰ ਥਾਣੇ ਸੱਦ ਕੇ ਸੋਨੇ ਦੇ ਗਹਿਣੇ ਬਣਾਉਣ ਲਈ ਕਿਹਾ ਸੀ। ਇਸ ਸਬੰਧੀ ਅਧਿਕਾਰੀ ਨਾਲ ਹੋਈ ਗੱਲਬਾਤ ਦੀ ਸਰਾਫ਼ ਨੇ ਰਿਕਾਰਡਿੰਗ ਕਰ ਲਈ। ਸਰਾਫ਼ ਨੇ ਇਹ ਆਡੀਓ ਕਲਿਪ ਵਿਜੀਲੈਂਸ ਨੂੰ ਦਿੱਤੀ। ਕੱਲ੍ਹ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਵੀ ਇਹ ਕਲਿਪ ਦਿਖਾਈ ਗਈ। ਜ਼ਿਕਰਯੋਗ ਹੈ ਕਿ ਆਸ਼ੀਸ਼ ਕਪੂਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਉਸ ਦੀ ਮੁਹਾਲੀ ਸਥਿਤ ਆਲੀਸ਼ਾਨ ਕੋਠੀ ਦੀ ਪੈਮਾਇਸ਼ ਵੀ ਕੀਤੀ ਸੀ। ਉਧਰ, ਇਸ ਬਹੁਚਰਚਿਤ ਮਾਮਲੇ ਵਿੱਚ ਨਾਮਜ਼ਦ ਜ਼ੀਰਕਪੁਰ ਥਾਣਾ ਦੇ ਤਤਕਾਲੀ ਐੱਸਐੱਚਓ ਅਤੇ ਮੌਜੂਦਾ ਡੀਐੱਸਪੀ ਇੰਟੈਲੀਜੈਂਸ ਪਵਨ ਕੁਮਾਰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਸ ਦੀ ਭਾਲ ਵਿੱਚ ਹਰਿਆਣਾ ਸਮੇਤ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਏਆਈਜੀ ਕੁਮਾਰ ਨੇ ਕਿਹਾ ਕਿ ਡੀਐੱਸਪੀ ਪਵਨ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਨਾਲ ਸਬੰਧਤ ਕਾਫ਼ੀ ਸੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸਾਰੀ ਖੇਡ ਰਚੀ ਗਈ, ਉਦੋਂ ਉਹ ਜ਼ੀਰਕਪੁਰ ਦਾ ਥਾਣਾ ਮੁਖੀ ਸੀ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।