ਆਤਿਸ਼ ਗੁਪਤਾ
ਚੰਡੀਗੜ੍ਹ, 1 ਫਰਵਰੀ
ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸ ’ਤੇ ਫਰਜ਼ੀ ਵੋਟਾਂ ਤਿਆਰ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚ 24 ਹਜ਼ਾਰ ਤੋਂ ਵੱਧ ਜਾਅਲੀ ਵੋਟਾਂ ਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਬੁਖਲਾ ਗਈ ਹੈੈ। ਉਨ੍ਹਾਂ ਚੋਣ ਕਮਿਸ਼ਨ ਤੋਂ ਲੁਧਿਆਣਾ ਪੱਛਮੀ ਅਤੇ ਹੋਰ ਵਿਧਾਨ ਸਭਾ ਹਲਕਿਆਂ ’ਚ ਤਿਆਰ ਕੀਤੀਆਂ ਗਈਆਂ ਫਰਜ਼ੀ ਵੋਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਜਰਨੈਲ ਸਿੰਘ ਨੇ ਦੱਸਿਆ ਕਿ ‘ਆਪ’ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਜਾਅਲੀ ਵੋਟਰਾਂ ਦੀ ਸੂਚੀ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਉਸ ਸ਼ਿਕਾਇਤ ’ਤੇ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਆਪਣੇ ਰਿਕਾਰਡ ਵਿੱਚੋਂ ਸਾਰੇ ਫਰਜ਼ੀ ਨਾਵਾਂ ਨੂੰ ਹਟਾ ਦਿੱਤਾ ਸੀ ਪਰ ਫਿਰ ਵੀ ਇਲਾਕੇ ’ਚ 24 ਹਜ਼ਾਰ ਤੋਂ ਵੱਧ ਫਰਜ਼ੀ ਵੋਟਰਾਂ ਦੇ ਨਾਂ ਸਾਹਮਣੇ ਹਨ। ਉਨ੍ਹਾਂ ਨੇ ਫਰਜ਼ੀ ਵੋਟਰਾਂ ਲਈ ਕਾਂਗਰਸੀ ਮੰਤਰੀ ਅਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰ ਠਹਿਰਾਇਆ।
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਡਾ. ਸਨੀ ਆਹਲੂਵਾਲੀਆ ਨੇ ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਕਿ ਸਿੱਧੂ ਚੋਣ ਜ਼ਾਬਤੇ ਦੀ ਉਲੰਘਣਾ ਕਰ ਕੇ ਵੋਟਰਾਂ ਨੂੰ ਭਰਮਾਉਣ ਲਈ ਡਿਨਰ ਸੈੱਟ ਵੰਡਣ ਸਮੇਤ ਆਪਣੇ ਚੋਣ ਦਫ਼ਤਰ ਵਿੱਚ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਫਾਰਮ ਭਰਵਾ ਰਹੇ ਹਨ। ਉਨ੍ਹਾਂ ਇਸ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਅੱਜ ਇੱਥੇ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਆਹਲੂਵਾਲੀਆ, ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਸਭ ਤੋਂ ਵੱਧ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਸਿੱਧੂ ਨੇ ਆਪਣੀ ਕੋਠੀ ਦੇ ਬਾਹਰ ‘ਨੋ ਪਬਲਿਕ ਡੀਲਿੰਗ’ ਦਾ ਬੋਰਡ ਲਗਵਾ ਕੇ ਬੂਹਾ ਭੇੜ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ’ਤੇ ਕਰੋਨਾ ਵੈਕਸੀਨ ਘਪਲਾ, ਪੀਪੀਈ ਕਿੱਟ ਘਪਲਾ ਅਤੇ ਨਸ਼ਾ ਛੁਡਾਊ ਗੋਲੀਆਂ ਵੇਚਣ ਦੇ ਵੀ ਗੰਭੀਰ ਦੋਸ਼ ਲਗਦੇ ਰਹੇ ਹਨ।
ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੋਸ਼ ਨਕਾਰੇ
ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ‘ਆਪ’ ਦੇ ਉਮੀਦਵਾਰ ਸਿਰਫ਼ ਦੂਸ਼ਣਬਾਜ਼ੀ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਾੜੀ ਹਾਲਤ ਦੇਖ ਕੇ ‘ਆਪ’ ਦੀ ਲੀਡਰਸ਼ਿਪ ਬੁਖਲਾ ਕੇ ਅਜਿਹੇ ਦੋਸ਼ ਲਾ ਰਹੀ ਹੈ।