ਆਤਿਸ਼ ਗੁਪਤਾ
ਚੰਡੀਗੜ੍ਹ, 27 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਜੰਗ ਲੱਗਣ ਕਾਰਨ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੇ 100 ਤੋਂ ਵੱਧ ਵਿਦਿਆਰਥੀ ਯੂਕਰੇਨ ਵਿਚ ਫਸ ਗਏ ਹਨ। ਉਨ੍ਹਾਂ ਨੂੰ ਦੇਸ਼ ਲਿਆਉਣ ਲਈ ਅੱਜ ਚੰਡੀਗੜ੍ਹ ਦੇ 50 ਬੱਚਿਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਾਂ ਮੰਗ ਪੱਤਰ ਸੌਂਪਿਆ।
ਇੱਥੋਂ ਦੇ ਪੀਜੀਆਈ ਵਿਚ ਕੰਮ ਕਰਨ ਵਾਲੇ ਫ਼ਤਹਿਦੀਪ ਸਿੰਘ ਦਾ ਪੁੱਤਰ ਕਿਰਪਾਲ ਜੋਤ ਸਿੰਘ ਤੇ ਪੁੱਤਰੀ ਸੁਖਮਨ ਕੌਰ 2018 ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਖਾਰਕੀਵ ਗਏ ਸਨ। ਰੂਸ ਤੇ ਯੂਕਰੇਨ ਦੇ ਹਾਲਾਤ ਵੇਖਦਿਆਂ ਉਨ੍ਹਾਂ ਦੋਵੇਂ ਬੱਚਿਆਂ ਦੀ ਵਾਪਸੀ ਲਈ 26 ਫਰਵਰੀ ਦੀ ਟਿਕਟ ਬੁੱਕ ਕਰਵਾ ਦਿੱਤੀ ਸੀ ਪਰ ਉਡਾਣਾਂ ਰੱਦ ਹੋਣ ਕਾਰਨ ਦੋਵੇਂ ਉੱਥੇ ਫੱਸ ਗਏ ਹਨ। ਖਾਰਕੀਵ ਸ਼ਹਿਰ ਰੂਸ ਦੇ ਬਿਲਕੁਲ ਨੇੜੇ ਹੋਣ ਕਰਕੇ ਉੱਥੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਬੱਚੇ ਬੰਕਰਾਂ ਵਿਚ ਰਹਿ ਕੇ ਸਮਾਂ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੱਛਮੀ ਯੂਕਰੇਨ ’ਚੋਂ ਬੱਚੇ ਲਿਆ ਰਹੀ ਹੈ ਪਰ ਉਸ ਤੋਂ ਪਹਿਲਾਂ ਪੂਰਬੀ ਯੂਕਰੇਨ ’ਚੋਂ ਬੱਚੇ ਕੱਢਣੇ ਚਾਹੀਦੇ ਹਨ ਕਿਉਂਕਿ ਇਹ ਇਲਾਕਾ ਯੂਕਰੇਨ ਅਤੇ ਰੂਸ ਦੇ ਬਾਰਡਰ ’ਤੇ ਹੋਣ ਕਰਕੇ ਜ਼ਿਆਦਾ ਖਤਰੇ ਵਾਲਾ ਹੈ। ਇਸੇ ਤਰ੍ਹਾਂ ਯੂਕਰੇਨ ਗਈ ਚੰਡੀਗੜ੍ਹ ਦੀ ਇੰਦਰਪ੍ਰੀਤ ਕੌਰ ਦੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਬੱਚਿਆਂ ਕੋਲ ਤਿੰਨ-ਚਾਰ ਦਿਨਾਂ ਦਾ ਖਾਣਾ ਰਹਿ ਗਿਆ ਹੈ। ਉਸ ਤੋਂ ਬਾਅਦ ਬੱਚਿਆਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਇਸ ਲਈ ਸਰਕਾਰ ਨੂੰ ਤੁਰੰਤ ਪਹਿਲਕਦਮੀ ਕਰਨੀ ਚਾਹੀਦੀ ਹੈ।
ਯੂਕਰੇਨ ’ਚੋਂ ਬੱਚੇ ਕੱਢਣ ਦੇ ਨਾਂ ’ਤੇ ਰਾਜਨੀਤੀ ਕਰਨ ਦਾ ਦੋਸ਼
ਹਰਚਰਨ ਸਿੰਘ ਨੇ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਯੂਕਰੇਨ ’ਚੋਂ ਬੱਚੇ ਕੱਢਣ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ। ਲੋੜ ਕੇਂਦਰ ਸਰਕਾਰ ’ਤੇ ਦਬਾਅ ਬਣਾ ਕੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਕਰਨ ਗਏ ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਇਸ ਮਗਰੋਂ ਉਨ੍ਹਾਂ ਭਾਜਪਾ ਆਗੂ ਸੰਜੈ ਟੰਡਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਬੱਚਿਆ ਨੂੰ ਸਹੀ ਸਲਾਮਤ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ।