ਗੁਰਿੰਦਰ ਸਿੰਘ
ਲੁਧਿਆਣਾ, 25 ਜੁਲਾਈ
ਸਨਅਤੀ ਸ਼ਹਿਰ ਵਿੱਚ ਅੱਜ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਲਾਇਨਜ਼ ਭਵਨ ਵਿੱਚ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਕਈ ਆਗੂ ਮੌਜੂਦ ਸਨ। ਕਿਸਾਨਾਂ ਦੇ ਵਿਰੋਧ ਦੇ ਡਰੋਂ ਪੁਲੀਸ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਖ਼ਤ ਪ੍ਰਬੰਧ ਕਰ ਲਏ ਸਨ। ਜੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਿਕ ਨੇ ਖ਼ੁਦ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਸਾਂਭੀ ਹੋਈ ਸੀ। ਏਡੀਸੀਪੀ ਸਮੀਰ ਵਰਮਾ ਸਣੇ 100 ਤੋਂ ਵੱਧ ਸੁਰੱਖਿਆ ਮੁਲਾਜ਼ਮ ਮੀਟਿੰਗ ਸ਼ੁਰੂ ਹੋਣ ਤੋਂ ਲੈ ਕੇ ਮੀਟਿੰਗ ਦੇ ਖ਼ਤਮ ਹੋਣ ਤੱਕ ਮੌਜੂਦ ਰਹੇ। ਊਧਮ ਸਿੰਘ ਨਗਰ ਸਥਿਤ ਲਾਇਨਜ਼ ਭਵਨ ਦੁਆਲੇ ਪੁਲੀਸ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਾਰੋਂ ਪਾਸੇ ਬੈਰੀਕੇਡ ਲਗਾ ਕੇ ਸੁਰੱਖਿਆ ਘੇਰਾ ਬਣਾ ਲਿਆ। ਜਿਵੇਂ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮੀਟਿੰਗ ਵਿੱਚ ਪੁੱਜੇ ਤਾਂ ਪੁਲੀਸ ਨੇ ਉਥੇ ਸੁਰੱਖਿਆ ਦਾ ਪਹਿਰਾ ਹੋਰ ਤਕੜਾ ਕਰ ਦਿੱਤਾ। ਲਾਇਨਜ਼ ਭਵਨ ਨੂੰ ਜਾਂਦੀ ਸੜਕ ’ਤੇ ਸਿਰਫ਼ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਸੀ, ਬਾਕੀ ਟਰੈਫਿਕ ਬਦਲਵੇਂ ਰੂਟ ’ਤੇ ਭੇਜਿਆ ਜਾ ਰਿਹਾ ਸੀ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ।
ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਪੰਜਾਬ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਮਗਰੋਂ ਸਰਕਾਰ ਬਣਨ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਸਿਟ ਦੀ ਰਿਪੋਰਟ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ, ਜੋ ਕਾਂਗਰਸ ਸਰਕਾਰ ਦੀ ਨੀਅਤ ’ਤੇ ਸਵਾਲੀਆ ਨਿਸ਼ਾਨ ਹੈ।
ਮੀਟਿੰਗ ਵਿੱਚ ਸੂਬਾਈ ਆਗੂ ਜੀਵਨ ਗੁਪਤਾ, ਰਾਜੇਸ਼ ਬਾਘਾ, ਰਾਕੇਸ਼ ਰਾਠੌਰ ਅਤੇ ਪ੍ਰੋ. ਰਾਜਿੰਦਰ ਭੰਡਾਰੀ, ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ, ਜੌਹਨ ਮਸੀਹ ਅਤੇ ਸੁਖਮਿੰਦਰਪਾਲ ਸਿੰਘ ਗਰੇਵਾਲ ਮੌਜੂਦ ਸਨ।