ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਖੇਤਾਂ ਵਿੱਚ ਲਗਾਤਾਰ ਪਰਾਲੀ ਸਾੜਨ ਤੇ ਦੀਵਾਲੀ ਦੀ ਰਾਤ ਚਲਾਏ ਪਟਾਕਿਆਂ ਦੇ ਜ਼ਹਿਰੀਲੇ ਤੱਤਾਂ ਨੇ ਆਬੋ ਹਵਾ ਖਰਾਬ ਕਰ ਦਿੱਤੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਸੈਟੇਲਾਈਟ ਰਾਹੀਂ ਦੇਖਿਆ ਗਿਆ ਕਿ ਬੁੱਧਵਾਰ ਨੂੰ ਵੀ 3634 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਈ ਗਈ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਸੂਬੇ ਵਿੱਚ ਪਹਿਲੇ ਨੰਬਰ ’ਤੇ ਹੈ, ਜਿੱਥੇ 677 ਥਾਵਾਂ ’ਤੇ, ਪਟਿਆਲਾ ਦੂਜੇ ਨੰਬਰ ’ਤੇ ਜਿੱਥੇ 395 ਥਾਵਾਂ ’ਤੇ ਅਤੇ ਫਿਰੋਜ਼ਪੁਰ ਤੀਜੇ ਥਾਂ ’ਤੇ ਜਿੱਥੇ 342 ਥਾਵਾਂ ’ਤੇ ਅੱਗ ਲੱਗੀ। ਬਠਿੰਡਾ ਚੌਥੇ ਨੰਬਰ ’ਤੇ ਰਿਹਾ ਜਿੱਥੇ 317 ਥਾਵਾਂ ’ਤੇ ਅੱਗ ਲੱਗੀ। ਲੁਧਿਆਣਾ ਵਿੱਚ 198 ਥਾਵਾਂ ’ਤੇ ਪਰਾਲੀ ਸਾੜੀ ਗਈ। ਦੂਜੇ ਪਾਸੇ ਪਰਾਲੀ ਸਾੜਨ ਦੇ ਮੁੱਦੇ ’ਤੇ ਪ੍ਰਸ਼ਾਸਨ ਬਿਲਕੁਲ ਫੇਲ੍ਹ ਸਾਬਤ ਹੋ ਰਿਹਾ ਹੈ। ਲੁਧਿਆਣਾ ਵਿੱਚ ਮੰਗਲਵਾਰ ਰਾਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 304 ਪੁੱਜ ਗਿਆ ਸੀ। ਬੁੱਧਵਾਰ ਸ਼ਾਮ ਇਹ 258 ਰਿਹਾ, ਜੋ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ’ਤੇ ਹੈ। ਇੱਥੇ ਅਸਮਾਨ ਵਿੱਚ ਦਿਨ ਵੇਲੇ ਤੋਂ ਹੀ ਧੂੰਏਂ ਦੀ ਚਾਦਰ ਆ ਜਾਂਦੀ ਹੈ। ਸ਼ਾਮ ਵੇਲੇ ਤੱਕ ਇਹ ਧੂੰਆਂ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਪਿੱਛੇ ਦਾ ਕਾਰਨ ਦੀਵਾਲੀ ’ਤੇ ਚੱਲੇ ਪਟਾਕੇ ਤੇ ਪਰਾਲੀ ਸਾੜਨ ਨੂੰ ਮੰਨਿਆ ਜਾਂਦਾ ਹੈ।
ਧੂੰਏਂ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ
ਇਸ ਧੂੰਏਂ ਕਾਰਨ ਹਸਪਤਾਲਾਂ ਵਿੱਚ ਲਗਾਤਾਰ ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਿੱਚ ਦਿੱਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮੈਡੀਸਨ ਦੇ ਡਾਕਟਰ ਗੌਰਵ ਸਚਦੇਵਾ ਮੁਤਾਬਕ ਜਦੋਂ ਤੋਂ ਦੀਵਾਲੀ ਲੰਘੀ, ਉਦੋਂ ਤੋਂ ਸਾਹ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਬਜ਼ੁਰਗ ਤੇ ਨੌਜਵਾਨ ਦੋਵੇਂ ਹੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਧੂੰਏਂ ਤੋਂ ਐਲਰਜ਼ੀ ਹੈ, ਉਨ੍ਹਾਂ ਨੂੰ ਵੱਧ ਪ੍ਰੇਸ਼ਾਨੀ ਹੋ ਰਹੀ ਹੈ।