ਐੱਨਪੀ ਧਵਨ
ਪਠਾਨਕੋਟ, 31 ਅਕਤੂਬਰ
ਮੁੱਖ ਅੰਸ਼
- ਮੁੱਖ ਮੰਤਰੀ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਵਚਨਬੱਧਤਾ ਦੁਹਰਾਈ
- ਅਨਾਜ ਮੰਡੀਆਂ ਦਾ ਕੀਤਾ ਦੌਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਬਹੁਤ ਗੰਭੀਰ ਹੈ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਰਕਾਰ ਵਚਨਬੱਧ ਹੈ। ਭਗਵੰਤ ਮਾਨ ਨੇ ਇਹ ਗੱਲ ਇੱਥੇ ਭੋਆ ਹਲਕੇ ਦੇ ਕਾਨਵਾਂ ਤੇ ਸਰਨਾ ਅਨਾਜ ਮੰਡੀਆਂ ’ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਵੱਲੋਂ ਬੀਤੇ ਦਿਨ ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦੇ ਦਿੱਤੇ ਗਏ ਅਲਟੀਮੇਟਮ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਬਹੁਤ ਸੰਗੀਨ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਜਿੰਨੇ ਵੀ ਗੈਂਗਸਟਰ ਸ਼ਾਮਲ ਸਨ ਜਾਂ ਉਨ੍ਹਾਂ ਨਾਲ ਜੋ ਸਾਜ਼ਿਸ਼ਘਾੜੇ ਜੁੜੇ ਹੋਏ ਸਨ, ਉਹ ਸਾਰੇ ਪਹਿਲਾਂ ਹੀ ਫੜੇ ਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। 1-2 ਸਾਜ਼ਿਸ਼ਘਾੜੇ ਕੈਨੇਡਾ ਵਿੱਚ ਪਨਾਹ ਲਈ ਬੈਠੇ ਹਨ, ਜਿਨ੍ਹਾਂ ਬਾਰੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਸੂਬਾ ਸਰਕਾਰ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇੱਥੇ ਲਿਜਾਂਦਾ ਜਾ ਸਕੇ। ਇਸ ਕਰਕੇ ਸਰਕਾਰ ਵੱਲੋਂ ਕੋਈ ਵੀ ਕਮੀ ਨਹੀਂ ਹੈ ਤੇ ਨਾ ਹੀ ਉਹ ਇਨਸਾਫ ਦੇਣ ਲਈ ਕਿਸੇ ਪੱਖ ਤੋਂ ਕੋਈ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕੋਈ ਸੁਰਾਗ਼ ਮਿਲਦਾ ਹੈ, ਉਥੇ ਹੀ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਗ੍ਰਿਫ਼ਤਾਰੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭੋਆ ਹਲਕੇ ਦੇ ਕਾਨਵਾਂ ਤੇ ਸਰਨਾ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਚੇਅਰਮੈਨ ਟੂਰਿਜ਼ਮ ਵਿਭੂਤੀ ਸ਼ਰਮਾ, ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ, ਜ਼ਿਲ੍ਹਾ ਪ੍ਰਧਾਨ ਰੋਹਿਤ ਸਿਆਲ, ਡਿਪਟੀ ਕਮਿਸ਼ਨਰ ਹਰਬੀਰ ਸਿੰਘ, ਡਾਇਰੈਕਟਰ ਘਣਸ਼ਿਆਮ, ਨਗਰ ਸੁਧਾਰ ਟਰੱਸਟ ਚੇਅਰਮੈਨ ਠਾਕੁਰ ਮਨੋਹਰ ਸਿੰਘ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ 30 ਅਕਤੂਬਰ ਤੱਕ ਤਕਰੀਬਨ 112 ਲੱਖ ਮੀਟਰਿਕ ਟਨ ਝੋਨਾ ਮੰਡੀਆਂ ’ਚ ਆਇਆ ਹੈ, ਜਿਸ ’ਚੋਂ ਤਕਰੀਬਨ 110 ਲੱਖ ਮੀਟਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 88 ਲੱਖ ਮੀਟਰਿਕ ਟਨ ਝੋਨਾ ਮੰਡੀਆਂ ਵਿੱਚੋਂ ਚੁੱਕਿਆ ਜਾ ਚੁੱਕਾ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ 18,660 ਕਰੋੜ ਰੁਪਏ ਦੀ ਆਨਲਾਈਨ ਅਦਾਇਗੀ ਹੋ ਚੁੱਕੀ ਹੈ।
ਆਈਜੀ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਅੱਜ ਆਈਜੀ ਜਸਕਰਨ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਤੇ ਗਾਇਕ ਦੇ ਕਤਲ ਕੇਸ ’ਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦਾ ਭਰੋਸਾ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਤਸੱਲੀ ਦਿਵਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਨਾਲ ਵੀ ਗੱਲ ਕਰਵਾਉਣ ਦਾ ਜ਼ਿਕਰ ਕੀਤਾ ਗਿਆ, ਪਰ ਗੱਲ ਹੋ ਨਹੀਂ ਸਕੀ। ਮੂਸੇਵਾਲਾ ਕਤਲ ਕੇਸ ਦੀ ਜਾਂਚ ਲਈ ਬਣੀ ਸਿਟ ਦੇ ਚੇਅਰਮੈਨ ਆਈਜੀ ਜਸਕਰਨ ਸਿੰਘ ਨੇ ਲਗਭਗ 6 ਘੰਟੇ ਉਨ੍ਹਾਂ ਦੇ ਘਰ ਬਿਤਾਏ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਮੁੱਖ ਸਾਜ਼ਿਸ਼ਘਾੜਾ ਨਹੀਂ ਫੜਿਆ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਕੇਸ ਦੇ ਸਾਰੇ ਮੁਲਜ਼ਮ ਫੜਨ ਦਾ ਦਾਅਵਾ ਕੀਤਾ ਗਿਆ ਹੈ, ਪਰ ਅਸਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਬੈਠਾ ਹੈ। ਪੱਤਰਕਾਰਾਂ ਨੇ ਜਦੋਂ ਆਈਜੀ ਵੱਲੋਂ ਦਿੱਤੇ ਭਰੋਸਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਸ਼ਵਾਸ ਦਿੰਦਾ ਹੈ ਤਾਂ ਉਹ ਉਸ ਨਾਲ ਸਹਿਮਤ ਹੋ ਜਾਂਦੇ ਹਨ, ਪਰ ਕਾਰਵਾਈ ਉਥੇ ਹੀ ਖੜ੍ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਇਨਸਾਫ਼ ਦੇਣ ਤੋਂ ਭੱਜੇਗੀ ਤਾਂ ਉਹ ਧਰਨੇ-ਮੁੁਜ਼ਾਹਰੇ ਵੀ ਕਰਨਗੇ।
‘ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਵੱਲ ਝਾਤ ਮਾਰਨ’
ਦੂਸਰੇ ਸੂਬਿਆਂ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਬਾਰੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਚੰਗਿਆਈਆਂ ਤੇ ਪ੍ਰਾਪਤੀਆਂ ਦੱਸਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾਂਦੇ ਖਰਚ ਉਤੇ ਸਵਾਲ ਚੁੱਕਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੂਜੇ ਸੂਬਿਆਂ ਵਿੱਚ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਅਜਿਹੇ ਦੋਹਰੇ ਮਾਪਦੰਡਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਪਠਾਨਕੋਟ ’ਚ ਲੀਚੀ ਪ੍ਰੋਸੈਸਿੰਗ ਪਲਾਂਟ ਲਾਉਣ ਦਾ ਭਰੋਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਪਠਾਨਕੋਟ ਖੇਤਰ ਦੀ ਲੀਚੀ ਬਹੁਤ ਮਸ਼ਹੂਰ ਹੈ। ਇਸ ਕਰਕੇ ਇੱਥੇ ਲੀਚੀ ਦੀ ਪ੍ਰੋਸੈਸਿੰਗ ਕਰਨ ਲਈ ਇੱਕ ਆਧੁਨਿਕ ਪਲਾਂਟ ਲਗਾਇਆ ਜਾਵੇਗਾ ਜਿਸ ਲਈ ਮਾਰਕਫੈੱਡ ਨੂੰ ਨਾਲ ਲੈ ਕੇ ਮਿਲਕਫੈੱਡ ਨੂੰ ਨੋਡਲ ਏਜੰਸੀ ਬਣਾਇਆ ਜਾਵੇਗਾ ਤਾਂ ਜੋ ਇੱਥੋਂ ਦੀ ਲੀਚੀ ਕੈਨੇਡਾ, ਅਮਰੀਕਾ ਆਦਿ ਵਿਦੇਸ਼ਾਂ ਵਿੱਚ ਜਾ ਕੇ ਵਿਕੇ।