ਪੱਤਰ ਪ੍ਰੇਰਕ
ਮਾਨਸਾ, 29 ਜੁਲਾਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਫੜੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਅਤੇ ਦੀਪਕ ਟੀਨੂੰ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ 2 ਅਗਸਤ ਤੱਕ ਮੁੜ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 26 ਜੁਲਾਈ ਨੂੰ ਮਾਨਸਾ ਵਿੱਚ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕਰ ਕੇ 29 ਜੁਲਾਈ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਮਾਨਸਾ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਤੋਂ ਤੁਰੰਤ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਖਾਰਾ-ਬਰਨਾਲਾ ਨੇੜਿਓਂ ਇੱਕ ਆਲਟੋ ਕਾਰ ਖੋਹਣ ਦੇ ਮਾਮਲੇ ’ਚ ਜੇਲ੍ਹ ’ਚੋਂ ਲਿਆਂਦਾ ਗਿਆ ਹੈ। ਇਹ ਕਾਰ ਜਗਤਾਰ ਸਿੰਘ ਨਾਂ ਦੇ ਇੱਕ ਵਿਅਕਤੀ ਕੋਲੋਂ ਖੋਹੀ ਗਈ ਸੀ। ਬੇਸ਼ੱਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ ਦੋ ਮਹੀਨੇ ਹੋ ਗਏ ਹਨ ਪਰ ਇਸ ਮਾਮਲੇ ਵਿੱਚ ਪੁਲੀਸ ਨੂੰ ਅਜੇ ਤੱਕ ਛੇਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਨਹੀਂ ਲੱਭਿਆ।