ਜੋਗਿੰਦਰ ਸਿੰਘ ਮਾਨ
ਮਾਨਸਾ, 15 ਸਤੰਬਰ
ਇਥੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਨੇਪਾਲ ਬਾਰਡਰ ਤੋਂ ਫੜੇ ਗਏ ਦੀਪਕ ਮੁੰਡੀ ਨੇ ਪੁਲੀਸ ਕੋਲ ਮੂਸੇਵਾਲਾ ਦੇ ਕਤਲ ਲਈ ਹਥਿਆਰ ਅਤੇ ਹੋਰ ਸਹਾਇਤਾ ਰਾਜਸਥਾਨ ’ਚੋਂ ਆਉਣ ਦੀ ਗੱਲ ਕਹੀ ਹੈ। ਭਾਵੇਂ ਇਸ ਮਸਲੇ ਸਬੰਧੀ ਪੁਲੀਸ ਦੇ ਉਚ ਅਧਿਕਾਰੀਆਂ ਵੱਲੋਂ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ ਪਰ ਮਾਨਸਾ ਪੁਲੀਸ ਦੀਆਂ ਦੋ ਟੀਮਾਂ ਰਾਜਸਥਾਨ ਵੱਲ ਰਵਾਨਾ ਹੋ ਗਈਆਂ ਹਨ। ਇਹ ਪਤਾ ਲੱਗਿਆ ਹੈ ਕਿ ਮਾਨਸਾ ਪੁਲੀਸ ਦੀ ਇੱਕ ਟੀਮ ਕਿਸੇ ਹੋਰ ਸੂਬੇ ਵਿੱਚ ਇਸੇ ਮਸਲੇ ਨੂੰ ਲੈ ਕੇ ਅੱਜ ਬਾਅਦ ਦੁਪਹਿਰ ਰਵਾਨਾ ਹੋਈ ਹੈ।
ਦੀਪਕ ਮੁੰਡੀ, ਸਿੱਧੂ ਮੂਸੇਵਾਲਾ ਕਤਲ ਦਾ ਛੇਵਾਂ ਸ਼ਾਰਪ ਸ਼ੂਟਰ ਹੈ ਅਤੇ ਉਹ ਲੰਬਾ ਸਮਾਂ ਪੁਲੀਸ ਨੂੰ ਘਚੋਨੀ ਦੇ ਕੇ ਗ੍ਰਿਫ਼ਤਾਰੀ ਤੋਂ ਬੱਚਦਾ ਰਿਹਾ ਹੈ। ਪੰਜਾਬ ਪੁਲੀਸ ਵੱਲੋਂ ਉਸ ਨੂੰ ਦੋ ਹੋਰ ਸਾਥੀਆਂ ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਨਸਾ ਪੁਲੀਸ ਵੱਲੋਂ ਉਸਦਾ ਹੋਰ ਰਿਮਾਂਡ ਵਧਾਉਣ ਦੀ ਤਿਆਰੀ ਵਿੱਚ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪੁਲੀਸ ਕੋਲ ਦੀਪਕ ਮੁੰਡੀ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਹਥਿਆਰ ਅਤੇ ਸਹਾਇਤਾ ਰਾਸ਼ੀ ਰਾਜਸਥਾਨ ਵਿੱਚੋਂ ਆਈ ਸੀ। ਉਨ੍ਹਾਂ ਮੰਨਿਆ ਹੈ ਕਿ ਇਸ ਕਤਲ ਦੇ ਲਈ ਰਾਜਸਥਾਨ ’ਚੋਂ ਹਰ ਤਰ੍ਹਾਂ ਦੀ ਸਹਾਇਤਾ ਮਿਲਦੀ ਰਹੀ ਹੈ। ਉਨ੍ਹਾਂ ਪੁਲੀਸ ਨੂੰ ਇਹ ਵੀ ਦੱਸਿਆ ਹੈ ਕਿ ਉਹ ਕਤਲ ਤੋਂ ਬਾਅਦ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਲੁਕਿਆ ਰਿਹਾ ਹੈ। ਪੁਲੀਸ ਨੇ ਉਸ ਤੋਂ ਹੁਣ ਤੱਕ ਕਤਲ ਵੇਲੇ ਵਰਤੋਂ ਵਿੱਚ ਲਿਆਂਦੇ ਹਥਿਆਰ ਅਤੇ ਰਹਿਣ-ਸਹਿਣ ਲਈ ਆਉਂਦੀ ਰਾਸ਼ੀ ਬਾਰੇ ਅਨੇਕਾਂ ਤਰ੍ਹਾਂ ਦੇ ਸਵਾਲ ਪੁੱਛ ਹਨ, ਜਿਨ੍ਹਾਂ ਵਿੱਚੋਂ ਕੁੱਝ ਕੁ ਦੀ ਜਾਣਕਾਰੀ ਮੀਡੀਆ ਦੇ ਹੱਥ ਲੱਗੀ ਹੈ।
ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਦਾ ਕਤਲ ਕਰਨ ਵਾਲੇ ਛੇ ਸ਼ਾਰਪ ਸ਼ੂਟਰ ਵਿਚੋਂ ਦੀਪਕ ਮੁੰਡੀ ਇੱਕ ਸੀ। ਪੁਲੀਸ ਵੱਲੋਂ ਹੁਣ ਤੱਕ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕੁਲਦੀਪ ਉਰਫ਼ ਕਸ਼ਿਸ ਨੂੰ ਫੜ੍ਹਿਆ ਹੋਇਆ ਹੈ, ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿੱਚ ਦੋ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੀਪਕ ਮੁੰਡੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਸਬੰਧੀ ਜਾਂਚ ਵਿੱਚ ਅੜਿੱਕਾ ਖੜ੍ਹਾ ਹੋਣ ਨੂੰ ਲੈ ਕੇ ਫਿਲਹਾਲ ਹੋਰ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ।
ਮੂਸੇਵਾਲਾ ਦੇ ਪਿਤਾ ਹਸਪਤਾਲ ਦਾਖ਼ਲ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿਤਾ ਬਲਕੌਰ ਸਿੰਘ ਸਿੱਧੂ ਦੀ ਸਿਹਤ ਵਿੱਚ ਅਚਾਨਕ ਵਿਗਾੜ ਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੁਹਾਲੀ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਆ ਰਹੀ ਹੈ। ਉਂਝ ਪਰਿਵਾਰ ਅਨੁਸਾਰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਆਉਣ ਦੀ ਹਾਮੀ ਭਰੀ ਹੈ।