ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੇ ਪੰਜਾਬ ਦੇ ਦੋ ਸ਼ੂਟਰਾਂ ਮਨਪ੍ਰੀਤ ਸਿੰਘ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਨੂੰ ਲੱਭਣ ਲਈ ਪੰਜਾਬ ਪੁਲੀਸ ਵੱਲੋਂ ਇਸੇ ਧੜੇ ਦੇ ਹਰਿਆਣਾ ਨਾਲ ਸਬੰਧਤ ਸ਼ੂਟਰਾਂ ਕੋਲੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਨੂੰ ਪੁੱਛ-ਪੜਤਾਲ ਦੌਰਾਨ ਸੂਹ ਮਿਲਣ ਉਮੀਦ ਹੈ। ਇਨ੍ਹਾਂ ਹਰਿਆਣਵੀਂ ਸ਼ੂਟਰਾਂ ਨੂੰ ਪੰਜਾਬ ਪੁਲੀਸ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਾਨਸਾ ਲਿਆਂਦਾ ਗਿਆ ਹੈ, ਜਿਨ੍ਹਾਂ ਦਾ ਦੋ ਵਾਰ ਰਿਮਾਂਡ ਲੈਣ ਮਗਰੋਂ ਹੁਣ ਭਲਕੇ 17 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤੀਜੀ ਵਾਰ ਰਿਮਾਂਡ ਲਏ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਸ਼ੂਟਰਾਂ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਸਮੇਤ ਅੰਕਿਤ ਸੇਰਸਾ ਹਰਿਆਣਾ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦਿੱਲੀ ਪੁਲੀਸ ਤੋਂ ਬਾਅਦ ਹੁਣ ਪੰਜਾਬ ਪੁਲੀਸ ਕੋਲ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਕਬੂਲ ਲਿਆ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਹਰਿਆਣਵੀਂ ਸ਼ੂਟਰਾਂ ਦਾ ਭਾਵੇਂ ਪੰਜਾਬ ਦੇ ਦੋ ਸ਼ੂਟਰਾਂ ਨਾਲ ਸਿੱਧਾ ਸਬੰਧ ਸਾਹਮਣੇ ਨਹੀਂ ਆ ਰਿਹਾ, ਪਰ ਇਨ੍ਹਾਂ ਤੋਂ ਕੀਤੀ ਪੁੱਛ-ਪੜਤਾਲ ’ਚ ਇਹ ਸਾਹਮਣੇ ਆਇਆ ਹੈ ਕਿ ਪੁਲੀਸ ਨੂੰ ਝਕਾਨੀ ਦਿੰਦੇ ਆ ਰਹੇ ਤਿੰਨ ਕਾਤਲ ਛੇਤੀ ਹੀ ਅੜਿੱਕੇ ਚੜ੍ਹ ਜਾਣਗੇ। ਪੁਲੀਸ ਇਸ ਵੇਲੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਤੋਂ ਇਲਾਵਾ ਹਰਿਆਣਾ ਦੇ ਦੀਪਕ ਮੁੰਡੀ ਨੂੰ ਲੱਭਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲੀਸ ਨੇ ਛੇ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ। ਇਸ ਕਤਲ ਵਿੱਚ ਸ਼ੂਟਰਾਂ ਦੇ ਦੋ ਧੜੇ ਸ਼ਾਮਲ ਸਨ। ਪ੍ਰਿਆਵਰਤ ਫੌਜੀ ਦੀ ਅਗਵਾਈ ਵਾਲੇ ਹਰਿਆਣਾ ਧੜੇ ਵਿੱਚ ਕਸ਼ਿਸ਼ ਉਰਫ਼ ਕੁਲਦੀਪ, ਅੰਕਿਤ ਸੇਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ, ਜਦੋਂ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਪੰਜਾਬ ਧੜੇ ਦਾ ਹਿੱਸਾ ਹਨ। ਜ਼ਿਕਰਯੋਗ ਹੈ ਕਿ ਮਾਨਸਾ ਪੁਲੀਸ ਨੂੰ ਇਸ ਵੇਲੇ ਸਭ ਤੋਂ ਵੱਧ ਲੋੜ ਕਾਤਲਾਂ ਵੱਲੋਂ ਵਰਤੇ ਗਏ ਹਥਿਆਰਾਂ ਦੀ ਹੈ, ਜਿਸ ਨੂੰ ਲੱਭਣ ਲਈ ਦਿੱਲੀ ਅਤੇ ਪੰਜਾਬ ਪੁਲੀਸ ਲਗਾਤਾਰ ਕੋਸ਼ਿਸ਼ ਵਿੱਚ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਕੱਲ੍ਹ ਗੋਲਡੀ ਬਰਾੜ ਵੱਲੋਂ ਜਾਰੀ ਕੀਤੀ ਵੀਡੀਓ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ, ਪਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੀ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਭਲਕੇ 17 ਜੁਲਾਈ ਨੂੰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਕੇਸ਼ਵ ਅਤੇ ਦੀਪਕ ਟੀਨੂੰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।