ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਗਸਤ
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਗੈਂਗਸਟਰ ਲਿਪਿਨ ਨਹਿਰਾ ਦਾ ਨਾਂ ਸਾਹਮਣੇ ਆਇਆ ਹੈ। ਉਹ ਹਰਿਆਣਾ ਦੇ ਗੁਰੂਗ੍ਰਾਮ ਨਾਲ ਸਬੰਧਤ ਹੈ ਅਤੇ ਅੱਜ-ਕੱਲ੍ਹ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਰਹਿੰਦਾ ਹੈ। ਨਹਿਰਾ ਨੇ ਗੈਂਗਸਟਰ ਗੋਲਡੀ ਬਰਾੜ ਦਾ ਸ਼ਾਰਪ ਸ਼ੂਟਰਾਂ ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਨਾਲ ਸੰਪਰਕ ਕਰਵਾਇਆ ਸੀ। ਇਹ ਦੋਵੇਂ ਉਨ੍ਹਾਂ ਛੇ ਸ਼ਾਰਪ ਸ਼ੂਟਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਮਾਨਸਾ ਨੇੜੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਸੀ। ਮਾਨਸਾ ਪੁਲੀਸ ਕੋਲ ਪੜਤਾਲ ਦੌਰਾਨ ਸ਼ਾਰਪ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਨੇ ਇਹ ਖੁਲਾਸਾ ਕੀਤਾ ਸੀ ਕਿ ਨਹਿਰਾ ਦੇ ਗੋਲਡੀ ਬਰਾੜ ਨਾਲ ਚੰਗੇ ਸਬੰਧ ਹਨ ਤੇ ਉਹ ਲਿਪਿਨ ਨਹਿਰਾ ਦੇ ਕਹਿਣ ’ਤੇ ਹੀ ਕਤਲ ਕਾਂਡ ਵਿੱਚ ਸ਼ਾਮਲ ਹੋਇਆ ਸੀ। ਉਸ ਨੇ ਦੱਸਿਆ ਕਿ ਦੀਪਕ ਮੁੰਡੀ ਦੀ ਸ਼ਮੂਲੀਅਤ ਵੀ ਲਿਪਿਨ ਨਹਿਰਾ ਕਰਕੇ ਹੋਈ ਸੀ। ਜਾਣਕਾਰੀ ਅਨੁਸਾਰ ਕਤਲ ਕੇਸ ਨਾਲ ਜੁੜਿਆ ਸ਼ੂਟਰ ਦੀਪਕ ਮੁੰਡੀ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਕੇਸ ਵਿੱਚ ਲਿਪਿਨ ਨਹਿਰਾ ਦਾ ਨਾਂ ਸਾਹਮਣੇ ਆਉਣ ਮਗਰੋਂ ਮਾਨਸਾ ਪੁਲੀਸ ਉਸ ਦੇ ਭਰਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਪਵਨ ਨਹਿਰਾ ਨੂੰ ਦਿੱਲੀ ਜੇਲ੍ਹ ਤੋਂ ਲੈ ਆਈ ਹੈ, ਜਿਸ ਖ਼ਿਲਾਫ਼ 5-6 ਕਤਲ ਕੇਸ ਦਰਜ ਹਨ ਅਤੇ ਉਸ ਨੂੰ ਗੁਰੂਗ੍ਰਾਮ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਮਾਨਸਾ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪਵਨ ਨਹਿਰਾ ਤੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਉਸ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਤਲ ਕਾਂਡ ’ਚ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ, ਜਿਸ ਕਾਰਨ ਉਸ ਨੂੰ ਇਸ ਕੇਸ ਨਾਲ ਨਹੀਂ ਜੋੜਿਆ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵੱਲੋਂ ਲਿਪਿਨ ਨਹਿਰਾ ਦੇ ਹੋਰਨਾਂ ਲੋਕਾਂ ਨਾਲ ਸਬੰਧਾਂ ਦੇ ਆਧਾਰ ’ਤੇ ਪਵਨ ਨਹਿਰਾ ਸਮੇਤ ਕਈ ਹੋਰਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਅਤੇ ਕਈ ਹੋਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।
ਕਲਾਕਾਰ ਨੇ 5911 ਦੇ ਮਾਡਲ ਬਣਾ ਕੇ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ
ਮਾਨਸਾ ਨੇੜਲੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਰਬੜ ਦੀਆਂ ਚੱਪਲਾਂ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਉਸ ਕੋਲ ਕਲਾ ਕੇਂਦਰ ਵਿੱਚ ਆਇਆ ਸੀ ਤਾਂ ਉਸ ਨੇ 5911 ਟਰੈਕਟਰ ਬਣਵਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਹੁਣ 5911 ਟਰੈਕਟਰ ਦਾ ਮਾਡਲ ਬਣਾਇਆ ਗਿਆ ਹੈ, ਜਿਸ ਨੂੰ ਜਲਦੀ ਹੀ ਗਾਇਕ ਦੇ ਸਮਾਰਕ ’ਤੇ ਰੱਖਿਆ ਜਾਵੇਗਾ।