ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਇਨਸਾਫ਼ ਲਈ ਅੱਜ ਮਾਨਸਾ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਤੋਂ ਇੱਕ ਕਾਫ਼ਲੇ ਦੇ ਰੂਪ ਵਿੱਚ ਆਰੰਭ ਹੋਇਆ ਤੇ ਮਗਰੋਂ ਪੰਜਾਬੀ ਗਾਇਕ ਦੇ ਭੋਗ ਵਾਲੀ ਥਾਂ ਆਧੁਨਿਕ ਅਨਾਜ ਮੰਡੀ ਮਾਨਸਾ ਤੋਂ ਹੋ ਕੇ ਉਸ ਨੂੰ ਕਤਲ ਕੀਤੇ ਜਾਣ ਵਾਲੀ ਥਾਂ ਪਿੰਡ ਜਵਾਹਰਕੇ ਪਹੁੰਚ ਕੇ ਸਮਾਪਤ ਹੋਇਆ। ਇਸ ਮਾਰਚ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਖ਼ੁਦ ਵੇਖ ਰਹੇ ਸਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਮਾਰਚ ਵਿੱਚ ਜੁੜੇ ਵੱਡੀ ਗਿਣਤੀ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ। ਪਹਿਲੀ ਮੰਗ ਤਹਿਤ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਵਰਤੀ ਗਈ ਕੁਤਾਹੀ ਦੀ ਜਾਂਚ ਲਈ ਇੱਕ ਸ਼ਕਤੀਸ਼ਾਲੀ ਕਮਿਸ਼ਨ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੇ ਪੁੱਤਰ ਦੀ ਸੁਰੱਖਿਆ ਵਾਪਸੀ ਕਿਸ ਨੇ ਤੇ ਕਿਉਂ ਕਰਵਾਈ। ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਵੀ ਜਾਂਚ ਕੀਤੇ ਜਾਣ ਤੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਵੀ ਮੰਗ ਰੱਖੀ ਗਈ। ਆਪਣੀ ਭਾਵੁਕ ਤਕਰੀਰ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਪੁਲੀਸ ਆਪਣਾ ਕੰਮ ਕਰ ਰਹੀ ਹੈ, ਪਰ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਲੰਬੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ 200 ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀਆਈਪੀ ਸੁਰੱਖਿਆ ਲੈ ਕੇ ਚੱਲਦੇ ਰਹਿਣਗੇ, ਉਦੋਂ ਤੱਕ ਉਨ੍ਹਾਂ ਸਮੇਤ ਪੰਜਾਬ ਦੇ ਅਮਨ ਪਸੰਦ ਲੋਕਾਂ ਦੇ ਦਿਲ ਦੁਖਦੇ ਰਹਿਣਗੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਲੋਕਾਂ ਦੇ ਬੱਚਿਆਂ ਨੂੰ ਕਤਲ ਕਰਨ ਵਾਲੇ ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਕੀ ਖ਼ਤਰਾ ਹੋ ਸਕਦਾ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਸਦਾ ਪੁੱਤ ਤਾਂ ਹੁਣ ਵਾਪਸ ਨਹੀਂ ਆਵੇਗਾ, ਪਰ ਉਹ ਗੈਂਗਸਟਰਾਂ ਦੇ ਹੱਥੋਂ ਹੋਰਨਾਂ ਦੇ ਪੁੱਤਾਂ ਨੂੰ ਕਤਲ ਹੋਣ ਤੋਂ ਰੋਕਣ ਦੀ ਜੰਗ ਨੂੰ ਲਗਾਤਾਰ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਬੀਤੀ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।
ਸਰਕਾਰ ਦੀ ਕਾਰਵਾਈ ਤੋਂ ਮਾਪੇ ਨਾਖੁਸ਼
ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਹੁਣ ਤੱਕ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਤੋਂ ਮਰਹੂਮ ਗਾਇਕ ਦੇ ਮਾਤਾ-ਪਿਤਾ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਤਾਂ ਪੁਲੀਸ ਨੇ ਫੜ ਲਏ, ਪਰ ਸਾਰੀ ਸਾਜ਼ਿਸ਼ ਰਚਣ ਵਾਲੇ ਹਾਲੇ ਵੀ ਬਾਹਰ ਹਨ। ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਕਰਨ ਵਾਲੇ ਅਧਿਕਾਰੀ ’ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਨੇ ਆਪਣੀ ਗ਼ਲਤੀ ਮੰਨੀ ਹੈ, ਜਿਸ ਕਾਰਨ ਉਹ ਇਨਸਾਫ਼ ਦੀ ਮੰਗ ਕਰਦਿਆਂ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਏ ਹਨ।