ਪੱਤਰ ਪ੍ਰੇਰਕ
ਮਾਨਸਾ, 25 ਅਗਸਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਇਕਾ ਅਫ਼ਸਾਨਾ ਖਾਨ ਨਾਲ ਪਹਿਲਾਂ ਰਿਕਾਰਡ ਕੀਤਾ ਗਿਆ ਗੀਤ ‘ਜਾਂਦੀ ਵਾਰ’ ਆਗਾਮੀ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਸੰਗੀਤਕਾਰ ਸਲੀਮ ਮਰਚੈਂਟ ਵੱਲੋਂ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਕਸਰ ਪੁੱਛਿਆ ਜਾਂਦਾ ਸੀ ਕਿ ਸਿੱਧੂ ਮੂਸੇਵਾਲਾ ਦਾ ਤਿਆਰ ਕੀਤਾ ਗੀਤ ਕਦੋਂ ਰਿਲੀਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਨੇੜੇ ਆ ਗਿਆ ਹੈ। ਇਸ ਗੀਤ ਦੀ ਰਿਕਾਰਡਿੰਗ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਚੰਡੀਗੜ੍ਹ ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਫ਼ਸਾਨਾ ਖਾਨ ਨੇ ਇਸ ਗੀਤ ਲਈ ਸਿੱਧੂ ਮੂਸੇਵਾਲਾ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਗੀਤ ਚੰਡੀਗੜ੍ਹ ਸਥਿਤ ਸਚਿਨ ਅਹੂਜਾ ਦੇ ਸਟੂਡੀਓ ’ਚ ਰਿਕਾਰਡ ਕੀਤਾ ਗਿਆ ਸੀ। ਇਹ ਅਫ਼ਸਾਨਾ ਅਤੇ ਸਿੱਧੂ ਦੁਆਰਾ ਗਾਇਆ ਗਿਆ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ‘ਜਾਂਦੀ ਵਾਰ’ ਗੀਤ ਦਾ ਸਿਰਲੇਖ ਗਾਇਕ ਨੂੰ ਸ਼ਰਧਾਂਜਲੀ ਹੈ ਅਤੇ ਗੀਤ ਤੋਂ ਹੋਣ ਵਾਲੀ ਕਮਾਈ ਦਾ ਇੱਕ ਹਿੱਸਾ ਉਸ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ ਗੀਤ ‘ਐਸਵਾਈਐੱਲ’ ਕੇਂਦਰ ਸਰਕਾਰ ਵੱਲੋਂ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ।