ਆਤਿਸ਼ ਗੁਪਤਾ
ਚੰਡੀਗੜ੍ਹ, 30 ਜੂਨ
ਮੁੱਖ ਅੰਸ਼
- ਅਗਲੇ 48 ਘੰਟੇ ਮੀਂਹ-ਹਨੇਰੀ ਦੀ ਚਿਤਾਵਨੀ
- ਰੋਪੜ ਵਿੱਚ ਸਭ ਤੋਂ ਵੱਧ 123 ਐੱਮਐੱਮ ਮੀਂਹ ਪਿਆ
ਪੰਜਾਬ ਅਤੇ ਹਰਿਆਣਾ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਮੌਨਸੂਨ ਦੀ ਆਮਦ ਨਾਲ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੇ ਚਿਹਰੇ ਖਿੜ ਗਏ ਹਨ। ਭਰਵਾਂ ਮੀਂਹ ਪੈਣ ਨਾਲ ਸੂਬੇ ਵਿੱਚ ਜਿੱਥੇ ਝੋਨੇ ਦੀ ਲੁਆਈ ਦਾ ਕੰਮ ਤੇਜ਼ ਹੋ ਗਿਆ ਹੈ ਉੱਥੇ ਹੀ ਬਿਜਲੀ ਦੀ ਮੰਗ ਘਟਣ ਨਾਲ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਤੋਂ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈ ਰਹੇ ਮੀਂਹ ਕਾਰਨ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਆ ਗਿਆ ਹੈ। ਅੱਜ ਪੰਜਾਬ ਦੇ ਰੋਪੜ ਸ਼ਹਿਰ ਵਿੱਚ ਸਭ ਤੋਂ ਵੱਧ 123 ਐਮਐਮ ਜਦਕਿ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ 87 ਐਮਐਮ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਸੂਬੇ ਭਰ ਵਿੱਚ ਤੇਜ਼ ਮੀਂਹ ਅਤੇ ਹਨੇਰੀ ਚੱਲਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਵੀ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ ਮੀਂਹ ਪੈਣ ਮਗਰੋਂ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਘੱਟ 26.6 ਡਿਗਰੀ ਸੈਲਸੀਅਸ ਰਿਹਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ 40.9 ਡਿਗਰੀ ਸੈਲਸੀਅਸ ਰਿਹਾ। ਵਿਭਾਗ ਅਨੁਸਾਰ ਅਗਲਾ ਪੂਰਾ ਹਫ਼ਤਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਨਸੂਨ ਦੀ ਆਮਦ ਦੇ ਨਾਲ ਹੀ ਸੂਬੇ ਦੇ ਖੇਤਾਂ ਵਿੱਚ ਝੋਨੇ ਦੀ ਲੁਆਈ ਦਾ ਕੰਮ ਵੀ ਤੇਜ਼ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਰੋਪੜ ਵਿੱਚ 123 ਐਮਐਮ, ਚੰਡੀਗੜ੍ਹ ਵਿੱਚ 87, ਲੁਧਿਆਣਾ ਵਿੱਚ 30, ਪਟਿਆਲਾ ’ਚ 31.4, ਪਠਾਨਕੋਟ ’ਚ 17 , ਨਵਾਂ ਸ਼ਹਿਰ ’ਚ 43.8, ਫਤਹਿਗੜ੍ਹ ਸਾਹਿਬ ਵਿੱਚ 72, ਜਲੰਧਰ ’ਚ ਇਕ ਤੇ ਮੁਹਾਲੀ ’ਚ 56 ਐਮਐਮ ਮੀਂਹ ਪਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਗੁਆਂਢੀ ਸੂਬੇ ਹਰਿਆਣਾ ਦੇ ਰੋਹਤਕ ਵਿੱਚ ਸਭ ਤੋਂ ਵੱਧ 201.6 ਐਮਐਮ ਮੀਂਹ ਪਿਆ ਹੈ। ਮੌਨਸੂਨ ਦੇ ਪਹਿਲੇ ਮੀਂਹ ਕਰਕੇ ਵੱਖ ਵੱਖ ਸ਼ਹਿਰਾਂ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਦਿੱਲੀ ਵਿੱਚ ਪਏ ਮੀਂਹ ਕਾਰਨ ਕਈ ਉਡਾਣਾਂ ਪ੍ਰਭਾਵਿਤ
ਦਿੱਲੀ (ਪੱਤਰ ਪ੍ਰੇਰਕ): ਅੱਜ ਦਿੱਲੀ-ਐੱਨਸੀਆਰ ਵਿੱਚ ਜ਼ੋਰਦਾਰ ਮੀਂਹ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਹੋਣ ਜਾਂ ਮੋੜਨ ਕਾਰਨ ਹਵਾਈ ਆਵਾਜਾਈ ਵਿੱਚ ਵੀ ਵਿਘਨ ਪਿਆ। ਅਧਿਕਾਰੀਆਂ ਤੋਂ ਮਿਲੀ ਜਾਣਾਕਰੀ ਅਨੁਸਾਰ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਦਿੱਲੀ ਜਾਣ ਵਾਲੇ ਦੋ ਜਹਾਜ਼ਾਂ ਨੂੰ ਮੋੜ ਦਿੱਤਾ ਗਿਆ। ਇੱਕ ਏਅਰ ਇੰਡੀਆ ਦੀ ਅੰਮ੍ਰਿਤਸਰ ਜਾਣ ਵਾਲੀ ਉਡਾਣ ਅਤੇ ਇੱਕ ਇੰਡੀਗੋ ਦੀ ਉਡਾਣ ਨੂੰ ਜੈਪੁਰ ਦੇ ਰਸਤੇ ਭੇਜਿਆ ਗਿਆ ਹੈ। ਕਈ ਹੋਰ ਉਡਾਣਾਂ ਨੂੰ ਮੁੜ-ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਏਅਰਲਾਈਨਾਂ ਨੇ ਯਾਤਰੀਆਂ ਨੂੰ ਫਲਾਈਟ ਸਥਿਤੀ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ। ਸਪਾਈਸਜੈੱਟ ਨੇ ਉਡਾਣਾਂ ਦੀ ਸਥਿਤੀ ’ਤੇ ਟਵੀਟ ਕੀਤਾ ਹੈ।
ਉੱਤਰੀ ਭਾਰਤ ’ਚ ਪਹੁੰਚਿਆ ਮੌਨਸੂਨ
ਨਵੀਂ ਦਿੱਲੀ: ਮੌਨਸੂਨ ਨੇ ਅੱਜ ਉੱਤਰੀ ਭਾਰਤ ਦੇ ਰਾਜਾਂ ’ਚ ਦਸਤਕ ਦੇ ਦਿੱਤੀ ਹੈ ਤੇ ਅੱਜ ਸੀਜ਼ਨ ਦਾ ਪਹਿਲਾ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਅੱਜ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਪਹੁੰਚ ਗਿਆ ਹੈ ਅਤੇ ਉੱਤਰੀ ਭਾਰਤ ਦੇ ਬਾਕੀ ਰਹਿੰਦਿਆਂ ਹਿੱਸਿਆਂ ਵਿੱਚ ਅਗਲੇ 24 ਘੰਟਿਆਂ ਅੰਦਰ ਪਹੁੰਚ ਜਾਵੇਗਾ। ਵਿਭਾਗ ਨੇ ਦੱਸਿਆ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਸੀਜ਼ਨ ਦਾ ਪਹਿਲਾਂ ਭਰਵਾਂ ਮੀਂਹ ਪਿਆ। ਮੀਂਹ ਕਾਰਨ ਦਿੱਲੀ ’ਚ ਅੱਜ ਵੱਧ ਤੋਂ ਵੱਧ ਤਾਪਮਾਨ 34-35 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਸਿਰਫ਼ ਛੇ ਘੰਟਿਆਂ ਅੰਦਰ 110 ਐੱਮਐੱਮ ਮੀਂਹ ਪਿਆ ਜੋ ਪਿਛਲੇ 14 ਸਾਲਾਂ ਅੰਦਰ 14 ਜੂਨ ’ਚ ਦਰਜ ਕੀਤਾ ਗਿਆ ਸਭ ਤੋਂ ਵੱਧ ਮੀਂਹ ਹੈ। ਵਿਭਾਗ ਨੇ ਅਗਲੇ 48 ਘੰਟੇ ਦੌਰਾਨ ਸ਼ਹਿਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ‘ਸੰਤਰੀ ਚਿਤਾਵਨੀ’ ਜਾਰੀ ਕੀਤੀ ਹੈ। ਵਿਭਾਗ ਨੇ ਅਗਲੇ 10 ਦਿਨ ਦਿੱਲੀ ’ਚ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। -ਪੀਟੀਆਈ