ਪੱਤਰ ਪ੍ਰੇਰਕ
ਸਰਦੂਲਗੜ੍ਹ, 11 ਜੂਨ
ਪਿੰਡ ਕੁਸਲੇ ਵਿੱਚ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੇ ਪਾਵਾ ਮਾਰ ਕੇ ਦੂਜੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਜੋੜਕੀਆ ਦੇ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਚੂਹੜੀਆ ਨੇ ਗੁਰਪਾਲ ਸਿੰਘ ਉਰਫ ਕਾਲਾ ਪੁੱਤਰ ਕਰਨੈਲ ਸਿੰਘ ਵਾਸੀ ਕੁਸਲਾ ਤੋਂ ਮਜ਼ਦੂਰੀ ਦੇ ਤਿੰਨ ਹਜ਼ਾਰ ਰੁਪਏ ਲੈਣੇ ਸਨ। ਜਦੋਂ ਉਸ ਨੇ ਗੁਰਪਾਲ ਸਿੰਘ ਤੋੋਂ ਪੈਸੇ ਮੰਗੇ ਤਾਂ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਗੁਰਪਾਲ ਸਿੰਘ ਨੇ ਰਾਜਾ ਸਿੰਘ ਦੇ ਸਿਰ ਵਿੱਚ ਮੰਜੇ ਦਾ ਪਾਵਾ ਮਾਰਿਆ। ਇਸ ਨਾਲ ਰਾਜਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਮਨਜੀਤ ਕੋਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 302 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਫ਼ਰਾਰ ਹੈ।