ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 18 ਨਵੰਬਰ
ਐਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਉਧਰ, ਅੱਜ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਏ ਖਹਿਰਾ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਅਦਾਲਤ ਵਿੱਚ ਈਡੀ ਦੇ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਉਸਾਰੂ ਬਹਿਸ ਹੋਈ। ਈਡੀ ਦੇ ਵਕੀਲ ਨੇ ਖਹਿਰਾ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਜਾਂਚ ਟੀਮ ਨੂੰ ਸਹਿਯੋਗ ਨਹੀਂ ਦੇ ਰਹੇ ਹਨ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਈਡੀ ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਖਹਿਰਾ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਦੀ ਜਾਂਚ ਈਡੀ ਦੇ ਐਸਟੀਐਫ਼ ਵਿੰਗ ਨਵੀਂ ਦਿੱਲੀ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਸੁਖਪਾਲ ਖਹਿਰਾ ਨੂੰ ਲੰਘੀ 11 ਨਵੰਬਰ ਨੂੰ ਉਕਤ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ, ਜਿੱਥੇ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਪਾ ਲਈ ਗਈ। ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ।
ਲੋਕ ਹਿੱਤ ਵਿੱਚ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਲੜਦਾ ਰਹਾਂਗਾ: ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਨੂੰ ਨਿਆਂਪਾਲਕਾ ’ਤੇ ਪੂਰਾ ਭਰੋਸਾ ਹੈ ਅਤੇ ਜਲਦੀ ਹੀ ਸਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਸ ਨੇ ਆਪਣੀ ਗ੍ਰਿਫ਼ਤਾਰੀ ਨੂੰ ਮਹਿਜ਼ ਸਿਆਸੀ ਸਾਜ਼ਿਸ਼ ਅਤੇ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਤਾਂ ਪਹਿਲਾਂ ਹੀ ਉਸ ਦੇ ਖ਼ਿਲਾਫ਼ ਸੀ ਪਰ ਕਾਂਗਰਸ ਦੀ ਬੁੱਕਲ ਵਿੱਚ ਬੈਠੇ ਆਸਤੀਨ ਦੇ ਸੱਪ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹਨ, ਜਿਨ੍ਹਾਂ ਦਾ ਜਲਦੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਹੁਕਮਰਾਨ ਅਤੇ ਮੇਰੇ ਆਪਣੇ ਅਜਿਹੀਆਂ ਹਰਕਤਾਂ ਕਰਕੇ ਮੇਰਾ ਹੌਂਸਲਾ ਨਹੀਂ ਤੋੜ ਸਕਦੇ ਹਨ। ਮੈਂ ਭਵਿੱਖ ਵਿੱਚ ਵੀ ਲੋਕ ਹਿੱਤ ਵਿੱਚ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਜੰਗ ਜਾਰੀ ਰੱਖਾਂਗਾ।’’ ਖਹਿਰਾ ਨੇ ਉਸ ਦੇ ਖ਼ਿਲਾਫ਼ ਵਿਦੇਸ਼ਾਂ ’ਚੋਂ ਆਮ ਆਦਮੀ ਪਾਰਟੀ (ਆਪ) ਦੇ ਨਾਂ ’ਤੇ ਪੈਸੇ ਇਕੱਠੇ ਕਰਨ ਦੇ ਲੱਗੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ 16 ਸ਼ਹਿਰਾਂ ਵਿੱਚ ਗਏ ਸਨ ਅਤੇ ਉਸ ਦਾ ਵਿਦੇਸ਼ ਦੌਰਾ ‘ਆਪ’ ਵੱਲੋਂ ਸਪਾਂਸਰ ਕੀਤਾ ਗਿਆ ਸੀ। ਅਮਰੀਕਾ ਦੇ ਅਧਿਕਾਰਤ ਪੇਜ ’ਤੇ ਇਸ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੈ। ਖਹਿਰਾ ਨੇ ਕਿਹਾ ਕਿ ਸਾਰਾ ਪੈਸਾ ‘ਆਪ’ ਵਾਲੰਟੀਅਰਾਂ ਨੇ ਇਕੱਠਾ ਕਰਕੇ ਕੇਜਰੀਵਾਲ ਨੂੰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਬਹੁਤ ਦੁੱਖ ਹੈ ਕਿ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਕਾਂਗਰਸ ਪਾਰਟੀ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਖਹਿਰਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਫਾਜ਼ਿਲਕਾ ਡਰੱਗ ਮਾਮਲੇ ਵਿੱਚ ਹੇਠਲੀਆਂ ਅਦਾਲਤਾਂ ’ਤੇ ਸੁਣਵਾਈ ਕਰਨ ਤੋਂ ਰੋਕ ਲਗਾਈ ਹੋਈ ਹੈ।
ਖਹਿਰਾ ਨੂੰ ਪਟਿਆਲਾ ਜੇਲ੍ਹ ’ਚ ਰੱਖਿਆ
ਪਟਿਆਲਾ (ਸਰਬਜੀਤ ਭੰਗੂ): ਮੁਹਾਲੀ ਦੀ ਅਦਾਲਤੀ ਵੱਲੋਂ ਨਿਆਇਕ ਹਿਰਾਸਤ ’ਚ ਭੇਜੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਟਿਆਲਾ ਜੇਲ੍ਹ ’ਚ ਰੱੱਖਿਆ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਮੈਡੀਕਲ ਚੈਕਅੱਪ ਮਗਰੋਂ ਰਾਤੀ 9.15 ਵਜੇ ਤੋਂ ਜੇਲ੍ਹ ’ਚ ਲਿਆਂਦਾ ਗਿਆ। ਇਸ ਜੇਲ੍ਹ ’ਚ ਉਹ ਇਕਲੌਤੇ ਹੀ ਇਸ ਪੱਧਰ ਦੇ ਰਾਜਸੀ ਨੇਤਾ ਹਨ।
‘ਮੈਨੂੰ ਜੇਲ੍ਹ ਪਹੁੰਚਾਉਣ ਪਿੱਛੇ ਇੱੱਕ ਕਾਂਗਰਸੀ ਨੇਤਾ ਦਾ ਵੀ ਹੱਥ’
ਪਟਿਆਲਾ ਜੇਲ੍ਹ ’ਚ ਲਿਆਂਦੇ ਜਾਣ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ, ਜਿਸ ਪਿੱਛੇ ਭਾਜਪਾ ਦਾ ਹੱੱਥ ਤਾਂ ਹੈ ਹੀ, ਨਾਲ ਹੀ ਇੱਕ ਕਾਂਗਰਸੀ ਆਗੂ ਦਾ ਹੱਥ ਵੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਦਾ ਨਹੀਂ, ਬਲਕਿ ਕਾਂਗਰਸ ਵਿਚਲੇ ਉਸ ਦੇ ਦੁਸ਼ਮਣ ਇੱਕ ਆਗੂ ਦਾ ਉਸ ਨੂੰ ਇਸ ਝੂਠੇ ਕੇਸ ’ਚ ਫਸਾਉਣ ਪਿੱਛੇ ਹੱੱਥ ਹੈ। ਪਰ ਜਿੱਤ ਹਮੇਸ਼ਾ ਸਚਾਈ ਦੀ ਹੀ ਹੁੰਦੀ ਹੈ ਤੇ ਇਹ ਸਚਾਈ ਜਲਦੀ ਹੀ ਸਾਹਮਣੇ ਆਵੇਗੀ।