ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲੀਸ ਨੇ ਬੀਤੀ ਅੱਧੀ ਰਾਤ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਅੱਜ ਸਵੇਰੇ ਗੈਂਗਸਟਰ ਦੇ ਕਹਿਣ ’ਤੇ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮਨਮੋਹਨ ਸਿੰਘ ਮੋਹਣਾ ਨੂੰ ਅਦਾਲਤ ਵਿੱਚ ਪੇਸ ਕਰਕੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸੇ ਦੌਰਾਨ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦੇ ਸੁਖਜੀਤ ਸਿੰਘ ਸੇਤੀ ਜੀਵਨ ਸਿੰਘ ਵਾਲਾ ਦਾ ਮਾਨਸਾ ਪੁਲੀਸ ਨੇ ਵੱਖਰੇ ਤੌਰ ’ਤੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸੇ ਕੇਸ ਵਿੱਚ ਪਵਨ ਬਿਸ਼ਨੋਈ, ਨਸੀਬ ਖਾਨ ਅਤੇ ਮੋਨੂੰ ਡਾਗਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਭਾਵੇਂ ਮਾਨਸਾ ਪੁਲੀਸ ਅੱਧੀ ਰਾਤ ਪਿੱਛੋਂ ਲਾਰੈਂਸ ਬਿਸ਼ਨੋਈ ਨੂੰ ਖਰੜ ਛੱਡ ਕੇ ਆਈ ਹੈ ਪਰ ਦੇਰ ਰਾਤ ਪੇਸ਼ੀ ਲਈ ਉਸ ਦੇ ਵਕੀਲ ਵੱਲੋਂ ਸੁਪਰੀਮ ਕੋਰਟ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ। ਵਕੀਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਵੱਲੋਂ ਪਹਿਲਾਂ ਦਿੱਲੀ ਤੋਂ ਮਾਨਸਾ ਲਿਆਉਣ ਵੇਲੇ 15 ਜੂਨ ਨੂੰ ਬਿਸ਼ਨੋਈ ਨੂੰ ਵੱਡੇ ਤੜਕੇ ਅਤੇ 21 ਜੂਨ ਅੱਧੀ ਰਾਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜੋ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਦੀ ਅਦਾਲਤ ਵਿੱਚ ਲਾਰੈਂਸ ਨੂੰ ਖੁੱਲ੍ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ ਤਾਂ ਪੰਜਾਬ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ।
ਮਾਨਸਾ ਪੁਲੀਸ ਨੇ ਬੀਤੀ ਰਾਤ ਲਾਰੈਂਸ ਬਿਸ਼ਨੋਈ ਨੂੰ ਸੀਆਈਏ ਖਰੜ ਤੋਂ ਲਿਆ ਕੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਮਗਰੋਂ 35 ਪੰਨਿਆਂ ਦੀ ਰਿਪੋਰਟ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤੀ ਸੀ, ਜਿਸ ਦੇ ਆਧਾਰ ’ਤੇ 10 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਹੀ ਦਿੱਤਾ ਹੈ। ਪੰਜਾਬ ਪੁਲੀਸ ਨੇ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਕਿਸੇ ਵੀ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ, ਜਦੋਂ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸਾਬਕਾ ਫ਼ੌਜੀ ਪ੍ਰਿਆਵਰਤ, ਕਸ਼ਿਸ਼ ਸਮੇਤ ਬਠਿੰਡਾ ਦੇ ਕੇਸ਼ਵ ਨੂੰ ਕਾਬੂ ਕੀਤਾ ਹੈ, ਜਦੋਂ ਕਿ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਅੰਕਿਤ ਸ਼ੇਰਸ਼ਾਹ, ਮੰਨੂ ਕੁੱਸਾ ਅਤੇ ਜਗਰੂਪ ਰੂਪਾ ਨੂੰ ਵੀ ਸ਼ਾਰਪ ਸ਼ੂਟਰ ਮੰਨਦੀ ਹੈ ਪਰ ਅਜੇ ਤੱਕ ਇਹ ਤਿੰਨੋਂ ਜਣੇ ਪੰਜਾਬ ਪੁਲੀਸ ਦੇ ਹੱਥ ਨਹੀਂ ਲੱਗੇ ਹਨ।
ਮਾਨਸਾ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਅਜੇ ਵੀ ਲਾਰੈਂਸ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪੁਲੀਸ ਦੇ ਹੱਥ ਕੁੱਝ ਮੋਬਾਈਲ ਫੋਨ ਵੀ ਲੱਗੇ ਹਨ, ਜਿਨ੍ਹਾਂ ਤੋਂ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਗੱਲਬਾਤ ਹੁੰਦੀ ਰਹੀ ਹੈ, ਜਿਨ੍ਹਾਂ ਜ਼ਰੀਏ ਇਸ ਕਤਲ ਕਾਂਡ ਦੀ ਪੂਰੀ ਸਾਜ਼ਿਸ਼ ਘੜੀ ਗਈ ਹੈ।
ਡੱਬਵਾਲੀ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਸਣੇ ਦੋ ਗ੍ਰਿਫ਼ਤਾਰ
ਲੰਬੀ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਨੇ ਡੱਬਵਾਲੀ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਦੱਸੇ ਜਾਂਦੇ ਨਿਖਿਲ ਚਾਵਲਾ ਵਾਸੀ ਡੱਬਵਾਲੀ ਅਤੇ ਇੱਕ ਹੋਰ ਮੁਲਜ਼ਮ ਰਮਨਪ੍ਰੀਤ ਸਿੰਘ ਉਰਫ ਰਮਨਾ ਵਾਸੀ ਕਿੱਲਿਆਂਵਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਖਿਲਾਫ਼ ਇਹ ਕਾਰਵਾਈ ਲੰਬੀ ਥਾਣੇ ਵਿੱਚ ਦਰਜ ਕੇਸ ਤਹਿਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਸ੍ਰੀ ਮੁਕਤਸਰ ਸਾਹਿਬ ਦੇ ਬੁਲਾਰੇ ਮੁਤਾਬਕ ਨਿਖਿਲ ਚਾਵਲਾ ਵਾਸੀ ਬ੍ਰਦਰ ਟੇਲਰ ਵਾਲੀ ਗਲੀ ਡੱਬਵਾਲੀ, ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਡੱਬਵਾਲੀ ਤੇ ਜ਼ਿਲ੍ਹਾ ਤਰਨਤਾਰਨ ਵਿੱਚ ਐੱਨਡੀਪੀਐੱਸ ਐਕਟ ਸਮੇਤ ਕਈ ਕੇਸ ਦਰਜ ਹਨ। ਪੁਲੀਸ ਨੇ ਮੁਲਜ਼ਮ ਰਮਨਪ੍ਰੀਤ ਸਿੰਘ ਅਤੇ ਨਿਖਿਲ ਚਾਵਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਪੁੱਛ ਪੜਤਾਲ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਹਫ਼ਤੇ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਬਿਸ਼ਨੋਈ ਗੈਂਗ ਦੇ ਮੈਂਬਰ ਕੇਸ਼ਵ ਦੇ ਸਾਥੀ ਸੁਮਿਤ ਕਟਾਰੀਆ ਵਾਸੀ ਡੱਬਵਾਲੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਨਾਮਜ਼ਦ ਮਨਪ੍ਰੀਤ ਸਿੰਘ ਮੰਨਾ ਦੇ ਪਿੰਡ ਵਿੱਚ ਦਹਿਸ਼ਤ
ਮੋਗਾ/ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਵਿੱਚ ਨਾਮਜ਼ਦ ਮਨਪ੍ਰੀਤ ਸਿੰਘ ਮੰਨਾ ਦੇ ਪਿੰਡ ਕੁੱਸਾ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਨੇ ਉਸ ਦੇ ਘਰ ਅੱਗੇ ਨੋਟਿਸ ਲਾਇਆ ਹੈ ਜਿਸ ਵਿੱਚ ਉਸ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੂਸੇਵਾਲਾ ਕਤਲ ਕਾਂਡ ਵਿੱਚ ਮਨਪ੍ਰੀਤ ਮੰਨਾ ਦਾ ਨਾਮ ਆਉਣ ਕਾਰਨ ਉਸ ਦੇ ਬਿਰਧ ਮਾਂ-ਪਿਉ ਘਰ ਛੱਡ ਕੇ ਕਿਧਰੇ ਚਲੇ ਗਏ ਹਨ। ਉਸ ਦੇ ਦੋ ਭਰਾ ਗੁਰਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਪਹਿਲਾਂ ਹੀ ਫ਼ਿਰੋਜ਼ਪੁਰ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਤਹਿਤ ਸਜ਼ਾ ਭੁਗਤ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਮੰਨਾ ’ਤੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 14 ਕੇਸ ਦਰਜ ਹਨ, ਜਿਨ੍ਹਾਂ ’ਚੋਂ ਥਾਣਾ ਬੱਧਨੀ ਵਿੱਚ 5 ਕੇਸ ਦਰਜ ਹਨ। ਇਸ ਤੋਂ ਇਲਾਵਾ ਉਸ ’ਤੇ ਚਾਰ ਕੇਸ ਧਾਰਾ 302 ਤਹਿਤ ਦਰਜ ਹਨ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲੀਸ ਵੀ ਮੰਨਾ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੈ। ਪਿੰਡ ਦੇ ਨਿਰਮਲ ਸਿੰਘ, ਭਗਵਾਨ ਸਿੰਘ, ਜਗਰਾਜ ਸਿੰਘ ਪੰਚ ਨੇ ਦੱਸਿਆ ਕਿ ਮੰਨਾ ਆਪਣੇ ਪਿਤਾ ਤੇ ਭਰਾਵਾਂ ਨਾਲ ਲੱਕੜ ਦਾ ਕੰਮ ਕਰਦਾ ਸੀ। ਉਨ੍ਹਾਂ ਦੇ ਘਰ ਰੰਗੀਆਂ ਤੋਂ ਹਮਲਾ ਕਰਨ ਆਏ ਇੱਕ ਵਿਅਕਤੀ ਦੀ ਮੌਤ ਹੋਣ ਪਿੱਛੋਂ ਮਨਪ੍ਰੀਤ ਦੀ ਪਿੰਡ ਵਿੱਚ ਰੰਜਿਸ਼ ਬਣ ਗਈ, ਜਿਸ ਮਗਰੋਂ ਉਹ ਗੈਂਗਸਟਰਾਂ ਵਿੱਚ ਸ਼ਾਮਲ ਹੋ ਗਿਆ।