ਦਰਸ਼ਨ ਸਿੰਘ ਸੋਢੀ
ਐੱਸਏਐੱਸ. ਨਗਰ (ਮੁਹਾਲੀ), 26 ਜੁਲਾਈ
ਇਥੇ ਫੇਜ਼-6 ਦੇ ਰਿਹਾਇਸ਼ੀ ਖੇਤਰ ਵਿੱਚ ਸੜਕ ਕਿਨਾਰੇ ਕਰੀਬ 50 ਫੁੱਟ ਉੱਚੇ ਦਰੱਖ਼ਤ ਦਾ ਵੱਡਾ ਟਾਹਣਾ ਟੁੱਟ ਕੇ ਘਰਾਂ ਦੇ ਬਾਹਰ ਖੜੀਆਂ ਕਾਰਾਂ ’ਤੇ ਡਿੱਗ ਪਿਆ, ਜਿਸ ਕਾਰਨ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਅਤੇ ਬਿਜਲੀ ਦੋ ਖੰਭੇ ਅਤੇ ਤਾਰਾਂ ਟੁੱਟ ਗਈਆਂ ਅਤੇ ਪੂਰੇ ਮੁਹੱਲੇ ਦੀ ਬੱਤੀ ਗੁੱਲ ਹੋ ਗਈ। ਇਲਾਕੇ ਦੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਮਕਾਨ ਨੰਬਰ-533 ਦੇ ਬਿਲਕੁਲ ਸਾਹਮਣੇ ਕਰੀਬ 50 ਫੁੱਟ ਤੋਂ ਵੀ ਵੱਧ ਉੱਚਾ ਦਰੱਖ਼ਤ ਹੈ। ਅੱਜ ਸਵੇਰੇ ਅੱਜ ਇਸ ਰੁੱਖ ਦਾ ਵੱਡਾ ਟਾਹਣਾ ਆਪਣੇ ਹੀ ਭਾਰ ਨਾਲ ਟੁੱਟ ਕੇ ਥੱਲੇ ਖੜੀਆਂ ਕਾਰਾਂ ਉੱਤੇ ਡਿੱਗ ਗਿਆ। ਇਸ ਕਾਰਨ ਅਲਟੋ, ਹਾਂਡਾ ਸਿਟੀ ਅਤੇ ਆਈ-10 ਤਿੰਨ ਕਾਰਾਂ ਨੁਕਸਾਨੀਆਂ ਗਈਆਂ ਹਨ ਅਤੇ ਦੋ ਬਿਜਲੀ ਦੇ ਖੰਭੇ ਅਤੇ ਬਿਜਲੀ ਸਪਲਾਈ ਦੀਆਂ ਤਾਰਾਂ ਟੁੱਟ ਗਈਆਂ। ਬਾਅਦ ਵਿੱਚ ਪਾਵਰਕੌਮ ਦੇ ਜੇਈ ਰਣਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟੁੱਟੇ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਨ ਦਾ ਕੰਮ ਸੰਭਾਲਿਆ।’