ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 22 ਸਤੰਬਰ
ਸੀਟੂ ਦੇ ਸੱਦੇ ਉੱਤੇ ਪੰਜਾਬ ਭਰ ਤੋਂ ਆਏ ਸੈਂਕੜੇ ਕਿਰਤੀ ਅਤੇ ਫੈਕਟਰੀ ਮਜ਼ਦੂਰਾਂ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੇ ਅੱਜ ਮੁਹਾਲੀ ਦੇ ਫੇਜ ਦਸ ਵਿਖੇ ਸਥਿਤ ਕਿਰਤ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ। ਸੀਟੂ ਦੇ ਸੂਬਾਈ ਪ੍ਰਧਾਨ ਮਹਾ ਸਿੰਘ ਰੋੜੀ ਅਤੇ ਜਨਰਲ ਸਕੱਤਰ ਰਘੁਨਾਥ ਸਿੰਘ ਦੀ ਅਗਵਾਈ ਹੇਠ ਹੱਥਾਂ ਵਿੱਚ ਲਾਲ ਝੰਡੇ ਚੁੱਕੀ ਸੀਟੂ ਦੇ ਪੰਜਾਬ ਭਰ ਤੋਂ ਆਏ ਵਰਕਰ ਪਹਿਲਾਂ ਮੁਹਾਲੀ ਦੇ ਫੇਜ ਅੱਠ ਦੇ ਦਸਹਿਰਾ ਗਰਾਊੰਡ ਵਿਖੇ ਇਕੱਤਰ ਹੋਏ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਉੱਤੇ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਕਿਰਤੀਆਂ ਦੀ ਘੱਟੋ ਘੱਟ ਉਜਰਤਾਂ ਵਿੱਚ 401 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੇ ਹੱਕਾਂ ਨਾਲ ਖਿਲਵਾੜ ਕਰਨ ਦਾ ਦੋਸ਼ ਵੀ ਲਾਇਆ। ਸੀਟੂ ਦੇ ਆਗੂਆਂ ਦੀ ਅਗਵਾਈ ਹੇਠ ਸਮੁੱਚੇ ਧਰਨਾਕਾਰੀਆਂ ਨੇ ਪੈਦਲ ਰੋਸ ਮਾਰਚ ਕਰਕੇ ਕਿਰਤ ਕਮਿਸ਼ਨਰ ਦੇ ਫੇਜ ਦਸ ਦੇ ਦਫਤਰ ਸਾਹਮਣੇ ਰੋਸ ਧਰਨਾ ਆਰੰਭ ਕਰ ਦਿੱਤਾ।