ਅਤਿਸ਼ ਗੁਪਤਾ
ਚੰਡੀਗੜ੍ਹ, 26 ਜੂਨ
ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਤੇ ਬੈਰੀਕੇਡ ਤੋੜਦੇ ਹੋਏ ਅੱਜ ਚੰਡੀਗੜ੍ਹ ਵਿੱਚ ਦਾਖਲ ਹੋ ਗਏ। ਉਨ੍ਹਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ।ਚੰਡੀਗੜ੍ਹ ਪੁਲੀਸ ਦੀਆਂ ਕੋਸ਼ਿਸਾਂ ਦੇ ਬਾਵਜੂਦ ਕਿਸਾਨਾਂ ਨੇ ਰਾਜ ਭਵਨ ਵੱਲ ਕੂਚ ਸ਼ੁਰੂ ਕਰ ਦਿੱਤਾ ਹੈ।
ਮੁਹਾਲੀ(ਦਰਸ਼ਨ ਸਿੰਘ ਸੋਢੀ): ਇਸ ਤੋਂ ਪਹਿਲਾਂ ਕਿਸਾਨਾਂ ਨੇ ਮੁਹਾਲੀ ਦੇ ਵਾਈਪੀਐੱਸ ਚੌਕ ਤੋਂ ਅਗਲੇ ਲੱਗੇ ਪਹਿਲੇ ਪੁਲੀਸ ਬੈਰੀਕੇਡ ਨੂੰ ਤੋੜ ਕੇ ਚੰਡੀਗੜ੍ਹ ਨੂੰ ਵਧਣਾ ਸ਼ੁਰੂ ਕੀਤਾ। ਮੁਹਾਲੀ ਵਿੱਚ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਗੁਰਦੁਆਰਾ ਅੰਬ ਸਾਹਿਬ ਦੇ ਮੈਦਾਨ ਵਿੱਚ ਇਕੱਤਰ ਹੋਏ। ਰਾਜ ਭਵਨ ਵੱਲ ਕਿਸਾਨਾਂ ਦੇ ਮਾਰਚ ਕਾਰਨ ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਸਨ।
ਚੰਡੀਗੜ੍ਹ ਕੂਚ ਕਰਨ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਰੂਦਲੂ ਮਾਨਸਾ, ਬਲਦੇਵ ਸਿੰਘ ਸਿਰਸਾ, ਪਰਵਿੰਦਰ ਸਿੰਘ ਬੈਦਵਾਨ, ਕੁਲਵੰਤ ਸਿੰਘ ਤਿਰਪੜੀ, ਕਿਰਪਾਲ ਸਿੰਘ ਸਿਆਊ, ਸਤਵਿੰਦਰ ਸਿੰਘ ਚੈੜੀਆਂ ਤੇ ਬੀਕੇਯੂ ਸਿੱਧੂਪੁਰ ਦੇ ਮੀਤ ਪ੍ਧਾਨ ਮੇਹਰ ਸਿੰਘ ਥੇੜੀ ਨੇ ਸੰਬੋਧਨ ਕੀਤਾ।