ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ਦੀ ਲੋਅ ਵਿੱਚ ਮੁਹਾਲੀ ਅਦਾਲਤ ਨੇ ਵੀਰਵਾਰ ਦੇਰ ਰਾਤ 2 ਵਜੇ ਦੇ ਕਰੀਬ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਿਹਾਅ ਕਰ ਦਿੱਤਾ। ਵਿਜੀਲੈਂਸ ਨੇ ਸੈਣੀ ਨੂੰ ਵੀਰਵਾਰ ਦੁਪਹਿਰੇ ਸਾਢੇ 12 ਵਜੇ ਦੇ ਕਰੀਬ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਉਹ ਦੇਰ ਰਾਤ 2 ਵਜੇ ਤੱਕ ਕੋਰਟ ਰੂਮ ਵਿੱਚ ਬੈਠਾ ਰਿਹਾ। ਰਾਤੀਂ ਦੋ ਵਜੇ ਮੁਹਾਲੀ ਕੋਰਟ ਦੇ ਜੱਜ ਨੇ ਹਾਈ ਕੋਰਟ ਦੇ 32 ਸਫ਼ਿਆਂ ਦੇ ਫੈਸਲੇ ਨੂੰ ਪੜ੍ਹਨ ਤੋਂ ਬਾਅਦ ਸਾਬਕਾ ਡੀਜੀਪੀ ਨੂੰ ਰਿਹਾਅ ਕਰਨ ਦਾ ਕਾਨੂੰਨੀ ਅਮਲ ਪੂਰਾ ਕੀਤਾ।
ਚੇਤੇ ਰਹੇ ਕਿ ਹਾਈ ਕੋਰਟ ਨੇ ਸੈਣੀ ਨੂੰ ਜ਼ਮਾਨਤ ਦੇਣ ਸਬੰਧੀ ਹੁਕਮ ਭਾਵੇਂ ਵੀਰਵਾਰ ਸ਼ਾਮ ਨੂੰ ਹੀ ਸੁਣਾ ਦਿੱਤਾ ਸੀ, ਪਰ ਫੈਸਲਾ ਲਿਖਣ ਅਤੇ ਹਾਈ ਕੋਰਟ ਦੇ ਤਾਜ਼ਾ ਹੁਕਮਾਂ ਦੀ ਕਾਪੀ ਮੁਹਾਲੀ ਪੁੱਜਣ ਤੱਕ ਅੱਧੀ ਰਾਤ ਹੋ ਗਈ। ਇਸ ਤਰ੍ਹਾਂ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਮਿਲਣ ਤੱਕ ਸੈਣੀ ਨੂੰ ਲਗਾਤਾਰ 14 ਘੰਟੇ ਮੁਹਾਲੀ ਕੋਰਟ ਵਿੱਚ ਬੈਠਣਾ ਪਿਆ। ਇਸ ਮਗਰੋਂ ਉਹ ਆਪਣੀ ਬੁਲੇਟ ਪਰੂਫ਼ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਪਹੁੰਚੇ। ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਪਹਿਲਾਂ ਵਾਂਗ ਬਹਾਲ ਕਰ ਦਿੱਤੀ ਗਈ।
ਰੰਧਾਵਾ ਅਤੇ ਬਾਜਵਾ ਵੀ ਸਰਕਾਰ ਤੋਂ ਖ਼ਫ਼ਾ
ਚੰਡੀਗੜ੍ਹ (ਟਨਸ): ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਖ਼ਫ਼ਾ ਹਨ। ਉਨ੍ਹਾਂ ਦੇ ਨੇੜਲੇ ਚੇਅਰਮੈਨ ਮੁੱਖ ਮੰਤਰੀ ਨੇ ਤਬਦੀਲ ਕਰ ਦਿੱਤੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਤਾਇਨਾਤ ਕਰ ਦਿੱਤੇ ਗਏ ਹਨ। ਮਾਝੇ ਦੇ ਇਹ ਵਜ਼ੀਰ ਹੁਣ ਹਰੀਸ਼ ਰਾਵਤ ਦੀ ਉਡੀਕ ਕਰ ਰਹੇ ਹਨ। ਉਧਰ, ਸੈਣੀ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ’ਤੇ ਵੱਡਾ ਹਮਲਾ ਕਰਦਿਆਂ ਤਿੰਨ ਉੱਚ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਵਿੱਚ ਨਾਕਾਮ ਰਹਿਣ ਕਾਰਨ ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਤੇ ਚੀਫ਼ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ।
ਸੁਮੇਧ ਸੈਣੀ ਨੂੰ ਬਚਾਅ ਰਹੀ ਹੈ ਪੰਜਾਬ ਸਰਕਾਰ: ‘ਆਪ’
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਬਚਾਅ ਕਰਨ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਅਤੇ ਮੁੱਖ ਸਕੱਤਰ ਵਿੰਨੀ ਮਹਾਜਨ, ਵਿਜੀਲੈਂਸ ਚੀਫ ਡਾਇਰੈਕਟਰ ਬੀਕੇ ਉੱਪਲ ਅਤੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇੱਕ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ ’ਤੇ ਲੱਗੀ ਹੋਈ ਹੈ। ਹਰ ਕੰਮ ’ਚ ਅਣਗਿਣਤ ਚੋਰ-ਮੋਰੀਆਂ ਰੱਖ ਕੇ ਸੈਣੀ ਨੂੰ ਬਚ ਨਿਕਲਣ ਲਈ ‘ਸੁਰੱਖਿਅਤ ਲਾਂਘਾ’ ਦੇ ਦਿੱਤਾ ਜਾਂਦਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲਾਂ ਦੇ ਨਕਸ਼ੇ-ਕਦਮ ’ਤੇ ਚਲਦਿਆਂ ਕੈਪਟਨ ਸਰਕਾਰ ਨੇ ਵੀ ਸੁਮੇਧ ਸੈਣੀ ਖ਼ਿਲਾਫ਼ ਹਮੇਸ਼ਾ ਨਰਮੀ ਦਿਖਾਈ ਹੈ। ਬਰਗਾੜੀ ਅਤੇ ਬਹਬਿਲ ਕਲਾਂ ਕੇਸਾਂ ਸਣੇ ਸੁਮੇਧ ਸੈਣੀ ਖ਼ਿਲਾਫ਼ ਕਦੇ ਵੀ ਠੋਸ ਤਰੀਕੇ ਨਾਲ ਕੇਸ ਨਹੀਂ ਬਣਾਇਆ ਗਿਆ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬੇਅਦਬੀ ਅਤੇ ਬਹਬਿਲ ਕਲਾਂ ਸਣੇ ਸੁਮੇਧ ਸੈਣੀ ਖ਼ਿਲਾਫ਼ ਜਿੰਨੇ ਵੀ ਕੇਸ ਹਨ, ਜੇ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦੇ ਸਲਾਖਾਂ ਪਿੱਛੇ ਹੁੰਦੇ ਪਰ ਕੈਪਟਨ ਸਰਕਾਰ ਅਜਿਹਾ ਚਾਹੁੰਦੀ ਹੀ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਜ਼ਾ ਟਵੀਟ ਰਾਹੀਂ ਕਰ ਦਿੱਤੀ ਹੈ।