ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਮਈ
ਪੰਜਾਬ ਪੁਲੀਸ ਵੱਲੋਂ ਇਕ ਦਿਨ ਪਹਿਲਾਂ ਗ੍ਰਿਫ਼ਤਾਰ ਅਤੇ ਕੁਝ ਘੰਟਿਆਂ ਮਗਰੋਂ ਹਰਿਆਣਾ ਦੀ ਸਹਾਇਤਾ ਨਾਲ ਦਿੱਲੀ ਪੁਲੀਸ ਵੱਲੋਂ ਛੁਡਾਏ ਗਏ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ’ਤੇ ਗ੍ਰਿਫ਼ਤਾਰੀ ਦੀ ਨਵੀਂ ਤਲਵਾਰ ਲਟਕ ਗਈ ਹੈ। ਮੁਹਾਲੀ ਅਦਾਲਤ ਨੇ ਉਸ ਖ਼ਿਲਾਫ਼ ਪਿਛਲੇ ਮਹੀਨੇ ਦਰਜ ਹੋਏ ਕੇਸ ਦੇ ਸਬੰਧ ’ਚ ਅੱਜ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜੁਡੀਸ਼ਲ ਮੈਜਿਸਟਰੇਟ ਰਵਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ,‘‘ਦਿੱਲੀ ਦੇ ਜਨਕਪੁਰੀ ਦੇ ਵਸਨੀਕ ਤੇਜਿੰਦਰਪਾਲ ਸਿੰਘ ਬੱਗਾ ਪੁੱਤਰ ਪ੍ਰਿਤਪਾਲ ਸਿੰਘ ਖ਼ਿਲਾਫ਼ ਧਾਰਾਵਾਂ 153-ਏ, 505, 505 (2) ਅਤੇ 506 ਤਹਿਤ ਦੋਸ਼ ਲੱਗੇ ਹਨ। ਤੇਜਿੰਦਰਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ਅਤੇ ਮੇਰੇ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।’’ ਮਾਮਲੇ ਦੀ ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਹਾਲੀ ਪੁਲੀਸ ਨੇ ਬੱਗਾ ਨੂੰ ਦਿੱਲੀ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਪੰਜਾਬ ਪੁਲੀਸ ਦੇ ਕਾਫ਼ਲੇ ਨੂੰ ਰਸਤੇ ਵਿੱਚ ਕੁਰੂਕਸ਼ੇਤਰ ਨੇੜੇ ਰੋਕ ਕੇ ਕਾਫ਼ੀ ਜੱਦੋਜਹਿਦ ਮਗਰੋਂ ਦਿੱਲੀ ਪੁਲੀਸ ਬੱਗਾ ਨੂੰ ਛੁਡਾ ਕੇ ਵਾਪਸ ਆਪਣੇ ਨਾਲ ਲੈ ਗਈ ਸੀ। ਅੱਜ ਸਰਕਾਰੀ ਵਕੀਲ ਰਾਹੀਂ ਸਥਾਨਕ ਪੁਲੀਸ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨੂੰ ਜਾਇਜ਼ ਮੰਨਦਿਆਂ ਬੱਗਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।
ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ਦੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਤੇਜਿੰਦਰਪਾਲ ਬੱਗਾ ਖ਼ਿਲਾਫ਼ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਸੈੱਲ ਥਾਣੇ ਵਿੱਚ ਪਹਿਲੀ ਅਪਰੈਲ ਨੂੰ ਧਾਰਾ 153-ਏ, 505 (2), 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੱਗਾ ’ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਮਾਜ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਕਥਿਤ ਦੋਸ਼ ਹੈ। ਇਸੇ ਐੱਫਆਈਆਰ ਨੂੰ ਆਧਾਰ ਬਣਾ ਕੇ ਮੁਹਾਲੀ ਪੁਲੀਸ ਦੀ ਇਕ ਵਿਸ਼ੇਸ਼ ਟੀਮ ਨੇ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਬਾਅਦ ਵਿੱਚ ਦਿੱਲੀ ਪੁਲੀਸ ਦੇ ਇਸ਼ਾਰੇ ’ਤੇ ਹਰਿਆਣਾ ਪੁਲੀਸ ਨੇ ਪੰਜਾਬ ਪੁਲੀਸ ਦੇ ਕਾਫ਼ਲੇ ਨੂੰ ਕੁਰੂਕਸ਼ੇਤਰ ਨੇੜੇ ਰੋਕ ਲਿਆ ਸੀ। ਦਿੱਲੀ, ਹਰਿਆਣਾ ਅਤੇ ਮੁਹਾਲੀ ਪੁਲੀਸ ਦੇ ਅਧਿਕਾਰੀਆਂ ਵਿਚਕਾਰ ਜੱਦੋਜਹਿਦ ਤੋਂ ਬਾਅਦ ਦਿੱਲੀ ਪੁਲੀਸ ਬੱਗਾ ਨੂੰ ਛੁਡਾ ਕੇ ਆਪਣੇ ਨਾਲ ਲੈ ਗਈ ਸੀ। ਮੁਹਾਲੀ ਪੁਲੀਸ ਨੇ ਦਲੀਲ ਦਿੱਤੀ ਸੀ ਕਿ ਬੱਗਾ ਦੀ ਗ੍ਰਿਫ਼ਤਾਰੀ ਕਾਨੂੰਨ ਤਹਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੂੰ 5 ਨੋਟਿਸ ਭੇਜੇ ਗਏ ਸਨ ਪਰ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਦਾ ਆ ਰਿਹਾ ਸੀ।
ਪੁਲੀਸ ਦੀ ਖੁਦਮੁਖਤਾਰੀ ਦੂਜੇ ਰਾਜ ਦੀ ਹੱਦ ’ਤੇ ਖਤਮ ਹੋਵੇ: ਚਿਦੰਬਰਮ
ਨਵੀਂ ਦਿੱਲੀ: ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅੱਜ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੋਵਾਂ ਦੀ ਪੁਲੀਸ ਦੀ ਦੁਰਵਰਤੋਂ ਕਰਨ ਲਈ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਕਿਸੇ ਵੀ ਰਾਜ ਦੀ ਪੁਲੀਸ ਦੀ ਖੁਦਮੁਖਤਾਰੀ ਦੂਜੇ ਰਾਜ ਦੀ ਹੱਦ ’ਤੇ ਖਤਮ ਹੋਣੀ ਚਾਹੀਦੀ ਹੈ ਅਤੇ ਪੁਲੀਸ ਨੂੰ ਪਹਿਲਾਂ ਦੂਜੇ ਰਾਜ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਨਹੀਂ ਤਾਂ ਸੰਘੀ ਢਾਂਚਾ ਖਤਮ ਤੇ ਦਫਨ ਹੋ ਜਾਵੇਗਾ।’ ਚਿਦੰਬਰਮ ਨੇ ਕਿਹਾ, ‘ਅਹਿਜਾ ਇੱਕ ਦਿਨ ਹੋਣਾ ਤੈਅ ਸੀ। ਪੰਜਾਬ, ਦਿੱਲੀ ਤੇ ਹਰਿਆਣਾ ਪੁਲੀਸ ਵਿਚਾਲੇ ਜੋ ਘਟਨਾ ਵਾਪਰੀ ਹੈ ਉਹ ਇਸ ਗੱਲ ਦੀ ਮਿਸਾਲ ਹੈ ਕਿ ਅੱਗੇ ਭਵਿੱਖ ’ਚ ਕੀ ਹੋਵੇਗਾ। ਜੇ ਪੁਲੀਸ ਆਪਣੇ ਸਿਆਸੀ ਆਕਾਵਾਂ ਦੀ ਸੇਵਾ ’ਚ ਲੱਗੇਗੀ ਤਾਂ ਇਸ ਨਾਲ ਸੰਘੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਜੋ ਪਹਿਲਾਂ ਹੀ ਖਤਰੇ ’ਚ ਹੈ।’ ਉਨ੍ਹਾਂ ਟਵੀਟ ਕੀਤਾ, ‘ਮੈਂ ਪਹਿਲਾਂ ਵੀ ਇਸ ਦੀ ਚਿਤਾਵਨੀ ਦਿੱਤੀ ਸੀ ਜਦੋਂ ਅਸਾਮ ਪੁਲੀਸ ਨੇ ਗੁਜਰਾਤ ਤੋਂ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ।’ -ਆਈਏਐੱਨਐੱਸ
ਬੱਗਾ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ: ਦਿੱਲੀ ਪੁਲੀਸ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਮੈਡੀਕਲ ਤੋਂ ਖ਼ੁਲਾਸਾ ਹੋਇਆ ਹੈ ਕਿ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ ਨੂੰ ਪਿਪਲੀ ਤੋਂ ਛੁਡਵਾ ਲਿਆ ਗਿਆ ਸੀ ਅਤੇ ਮੈਡੀਕਲ ਕਰਵਾਇਆ ਗਿਆ ਸੀ। ਦਿੱਲੀ ਪੁਲੀਸ ਨੇ ਇਹ ਵੀ ਕਿਹਾ ਕਿ ਭਾਜਪਾ ਆਗੂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੱਗਾ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖ਼ਦਸ਼ੇ ਪ੍ਰਗਟਾਏ ਸਨ ਜਿਸ ਮਗਰੋਂ ਉਸ ਨੂੰ ਸੁਰੱਖਿਆ ਦਿੱਤੀ ਗਈ ਹੈ। ਉਸ ਨੂੰ ਦਵਾਰਕਾ ਮੈਜਿਸਟਰੇਟ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ’ਤੇ ਪੇਸ਼ ਕੀਤਾ ਗਿਆ ਸੀ। -ਪੀਟੀਆਈ
ਘੱਟਗਿਣਤੀ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ
ਨਵੀਂ ਦਿੱਲੀ: ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਸਮੇਂ ਪੱਗ ਨਾ ਬੰਨ੍ਹਣ ਦੇਣ ਦੇ ਕਥਿਤ ਦੋਸ਼ਾਂ ਦੇ ਸਬੰਧ ਵਿੱਚ ਕੌਮੀ ਘੱਟਗਿਣਤੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲੀਸ ਦੇ ਜਵਾਨਾਂ ਨੇ ਉਸ ਦੇ ਮੂੰਹ ’ਤੇ ਮੁੱਕੀ ਮਾਰੀ ਅਤੇ ਇੱਥੋਂ ਤੱਕ ਕਿ ਗ੍ਰਿਫ਼ਤਾਰ ਕਰਦੇ ਸਮੇਂ ਉਨ੍ਹਾਂ ਦੇ ਪੁੱਤਰ ਨੂੰ ਪੱਗ ਬੰਨ੍ਹਣ ਦੀ ਆਗਿਆ ਵੀ ਨਹੀਂ ਦਿੱਤੀ। ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਭੇਜੇ ਪੱਤਰ ਵਿੱਚ ਕੌਮੀ ਘੱਟਗਿਣਤੀ ਕਮਿਸ਼ਨ ਆਖਿਆ ਕਿ ਉਸ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਸਵੈ-ਨੋਟਿਸ ਲਿਆ ਹੈ। ਪੱਤਰ ਵਿੱਚ ਕਿਹਾ ਗਿਆ ਕਿ ਇਹ ਇੱਕ ਸਿੱਖ ਵਿਅਕਤੀ ਦੇ ਧਾਰਮਿਕ ਅਧਿਕਾਰਾਂ ਦੀ ਉੰਲੰਘਣਾ ਦਾ ਗੰਭੀਰ ਮਾਮਲਾ ਹੈ। -ਪੀਟੀਆਈ
ਪੰਜਾਬ ਵੱਲੋਂ ਕੇਂਦਰ ਨੂੰ ਧਿਰ ਬਣਾਉਣ ਲਈ ਹਾਈ ਕੋਰਟ ’ਚ ਅਰਜ਼ੀ ਦਾਖਲ
ਚੰਡੀਗੜ੍ਹ: ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਕੇਂਦਰ ਨੂੰ ਧਿਰ ਬਣਾਉਣ ਅਤੇ ਦਿੱਲੀ ਦੇ ਜਨਕਪੁਰੀ ਤੇ ਹਰਿਆਣਾ ਦੇ ਕੁਰੂਕਸ਼ੇਤਰ ਥਾਣਿਆਂ ਦੀ 6 ਮਈ ਦੇ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੀ ਬੇਨਤੀ ਕਰਦਿਆਂ ਪੰਜਾਬ ਸਰਕਾਰ ਨੇ ਸ਼ਨਿਚਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ’ਚ ਦੋ ਅਰਜ਼ੀਆਂ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਦੋਸ਼ ਲਾਇਆ ਕਿ ਬੱਗਾ ਖ਼ਿਲਾਫ਼ ਮੁਹਾਲੀ ’ਚ ਪਿਛਲੇ ਮਹੀਨੇ ਦਰਜ ਐੱਫਆਈਆਰ ਦੇ ਸਿਲਸਿਲੇ ’ਚ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੂਬਾ ਪੁਲੀਸ ਦੀ ਟੀਮ ਨੂੰ ਜਨਕਪੁਰੀ ਅਤੇ ਕੁਰੂਕਸ਼ੇਤਰ ਥਾਣਿਆਂ ’ਚ ‘ਬੰਦੀ’ ਬਣਾ ਕੇ ਰੱਖਿਆ ਗਿਆ ਸੀ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਭਾਰਤ ਦੇ ਵਧੀਕ ਸੌਲਿਸਟਰ ਜਨਰਲ ਸਤਿਆਪਾਲ ਜੈਨ ਨੇ ਸ਼ਨਿਚਰਵਾਰ ਨੂੰ ਕਿਹਾ,‘‘ਅਦਾਲਤ ਵੱਲੋਂ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਜਾਣ ’ਤੇ ਪੰਜਾਬ ਸਰਕਾਰ ਨੇ ਦੋ ਅਰਜ਼ੀਆਂ ਦਿੱਤੀਆਂ ਹਨ।’’ ਪੰਜਾਬ ਸਰਕਾਰ ਦੀਆਂ ਦੋ ਅਰਜ਼ੀਆਂ ’ਚੋਂ ਇਕ ’ਚ ਭਾਰਤ ਸਰਕਾਰ ਅਤੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਧਿਰ ਬਣਾਉਣ ਦੀ ਬੇਨਤੀ ਕੀਤੀ ਗਈ ਹੈ। ਦੂਜੀ ਅਰਜ਼ੀ ’ਚ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਜਨਕਪੁਰੀ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਪਲੀ ਅਤੇ ਸਦਰ ਥਾਣਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ 6 ਮਈ ਦੀ ਫੁਟੇਜ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਜਾਣ। ਪੰਜਾਬ ਸਰਕਾਰ ਨੇ ਕਥਿਤ ਤੌਰ ’ਤੇ ਬੰਦੀ ਬਣਾਏ ਗਏ ਆਪਣੇ ਪੁਲੀਸ ਮੁਲਾਜ਼ਮਾਂ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਹਾਈ ਕੋਰਟ ’ਚ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕੀਤੀ ਸੀ। ਹਾਲਾਂਕਿ ਦਿੱਲੀ ਅਤੇ ਹਰਿਆਣਾ ਪੁਲੀਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਸ੍ਰੀ ਜੈਨ ਨੇ ਕਿਹਾ ਕਿ ਮਾਮਲੇ ’ਚ ਸ਼ਾਮਲ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਸ਼ਨਿਚਰਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਅਤੇ ਹੁਣ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ ਕਿਉਂਕਿ ਇਸ ਸਬੰਧ ’ਚ ਦਾਖ਼ਲ ਹੈਬੀਅਸ ਕੋਰਪਸ ਪਟੀਸ਼ਨ ਕਿਸੇ ਹੋਰ ਬੈਂਚ ਕੋਲ ਹੈ। ਦਿੱਲੀ ਪੁਲੀਸ ਨੇ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ’ਤੇ ਅਗਵਾ ਦਾ ਕੇਸ ਦਰਜ ਕੀਤਾ ਸੀ। ਸ੍ਰੀ ਜੈਨ ਨੇ ਕਿਹਾ ਕਿ ਐੱਫਆਈਆਰ ਦਰਜ ਹੋਣ ਮਗਰੋਂ ਦਿੱਲੀ ਪੁਲੀਸ ਨੇ ਦਵਾਰਕਾ ਜ਼ਿਲ੍ਹਾ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ ਸਨ। ਦਿੱਲੀ ਪੁਲੀਸ ਦੇ ਵਕੀਲ ਜੈਨ ਨੇ ਕਿਹਾ,‘‘ਮੈਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਪੁਲੀਸ ਦੇ ਕਿਸੇ ਅਧਿਕਾਰੀ ਨੂੰ ਹਿਰਾਸਤ ’ਚ ਨਹੀਂ ਲਿਆ ਸੀ। ਬੱਗਾ ਨੂੰ ਦਿੱਲੀ ਅਦਾਲਤ ਵੱਲੋਂ ਜਾਰੀ ਹੁਕਮਾਂ ’ਤੇ ਪਿਪਲੀ ਤੋਂ ਦਿੱਲੀ ਪੁਲੀਸ ਨੇ ਆਪਣੀ ਹਿਰਾਸਤ ’ਚ ਲਿਆ ਸੀ। ਦਿੱਲੀ ’ਚ ਬੱਗਾ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਦੇਰ ਰਾਤ ਜੱਜ ਅੱਗੇ ਪੇਸ਼ ਕੀਤਾ ਗਿਆ ਜਿਨ੍ਹਾਂ ਬੱਗਾ ਨੂੰ ਰਿਹਾਅ ਕਰਦਿਆਂ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਨੇ ਵੀ ਪੰਜਾਬ ਦੇ ਕਿਸੇ ਅਧਿਕਾਰੀ ਨੂੰ ਹਿਰਾਸਤ ’ਚ ਨਹੀਂ ਲਿਆ ਸੀ। ਉਨ੍ਹਾਂ ਕਿਹਾ ਕਿ ਬੱਗਾ ਨੂੰ ਹਿਰਾਸਤ ’ਚ ਲੈਣ ਸਬੰਧੀ ਪੰਜਾਬ ਪੁਲੀਸ ਨੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਉਹ ਸਾਦੀ ਵਰਦੀ ’ਚ ਉਸ ਦੇ ਘਰ ਗਏ ਸਨ। ਉਧਰ ਪੰਜਾਬ ਸਰਕਾਰ ਦੇ ਵਕੀਲ ਪੁਨੀਤ ਬਾਲੀ ਨੇ ਹਾਈ ਕੋਰਟ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਾ ਪੰਜਾਬ ਪੁਲੀਸ ਨੂੰ ਪੂਰਾ ਹੱਕਾ ਹੈ ਕਿਉਂਕਿ ਉਸ ਨੂੰ ਪੰਜ ਵਾਰ ਸੰਮਨ ਭੇਜੇ ਗਏ ਪਰ ਉਹ ਪੇਸ਼ ਨਹੀਂ ਹੋਇਆ। ਬਾਲੀ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਪੁਲੀਸ ਅਧਿਕਾਰੀਆਂ ਦੀ ਫਿਕਰ ਸੀ ਜਿਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਦੌਰਾਨ ਹਿਰਾਸਤ ’ਚ ਲੈ ਲਿਆ ਗਿਆ ਸੀ। ਇਸੇ ਕਰਕੇ ਉਨ੍ਹਾਂ ਹਾਈ ਕੋਰਟ ’ਚ ਹੈਬੀਅਸ ਕਾਰਪਸ ਪਟੀਸ਼ਨ ਦਾਖ਼ਲ ਕੀਤੀ ਸੀ। -ਪੀਟੀਆਈ