ਐਸਏਐਸ ਨਗਰ (ਪੱਤਰ ਪ੍ਰੇਰਕ): ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਚੜ੍ਹਤ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਇੱਕ ਏਕੇ-56 ਅਸਾਲਟ ਰਾਈਫ਼ਲ ਬਰਾਮਦ ਕਰ ਕੇ ਉਸ ਦੇ ਦੋ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਚੜ੍ਹਤ ਸਿੰਘ ਨੂੰ ਪਨਾਹ ਦਿੰਦੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਦੀਆਂ ਟੀਮਾਂ ਨੇ ਇੱਕ ਏ.ਕੇ-56 ਸਣੇ 100 ਕਾਰਤੂਸ ਤੇ ਇੱਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਈਦ ਮੁਹੰਮਦ ਤੌਸੀਫ ਚਿਸ਼ਤੀ ਉਰਫ਼ ਚਿੰਕੀ ਵਾਸੀ ਅਜਮੇਰ (ਰਾਜਸਥਾਨ) ਨੂੰ ਚੜ੍ਹਤ ਸਿੰਘ ਦੀ ਪੁੱਛ-ਪੜਤਾਲ ਤੋਂ ਬਾਅਦ ਹੀ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੜ੍ਹਤ ਦੇ ਇੱਕ ਹੋਰ ਸਾਥੀ ਸੁਨੀਲ ਉਰਫ਼ ਕਾਲਾ ਨੂੰ ਵੀ ਰੂਪਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।