ਦਵਿੰਦਰ ਪਾਲ/ਦਰਸ਼ਨ ਸਿੰਘ ਸੋਢੀ
ਚੰਡੀਗੜ੍ਹ/ਐਸ.ਏ.ਐਸ. ਨਗਰ (ਮੁਹਾਲੀ), 13 ਮਈ
ਮੁੱਖ ਅੰਸ਼
- ਇੱਕ ਮਹਿਲਾ ਸਣੇ ਛੇ ਜਣੇ ਗ੍ਰਿਫ਼ਤਾਰ
- ਮੁੱਖ ਹਮਲਾਵਰ ਚੜ੍ਹਤ ਸਿੰਘ ਉਸ ਦੇ ਦੋ ਸਾਥੀਆਂ ਦੀ ਭਾਲ ਜਾਰੀ
ਪੰਜਾਬ ਪੁਲੀਸ ਨੇ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਹੋਏ ਰਾਕੇਟ ਲਾਂਚਰ ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੂਬੇ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਨੇ ਅੱਜ ਇੱਥੇ 9 ਮਈ ਨੂੰ ਵਾਪਰੀ ਇਸ ਵੱਡੀ ਘਟਨਾ ਨੂੰ ਪੁਲੀਸ ਲਈ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦਹਿਸ਼ਤਗਰਦਾਂ ਅਤੇ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਦੇ ਗੱਠਜੋੜ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਨੋਇਡਾ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਜਦਕਿ ਰਾਕੇਟ ਲਾਂਚਰ ਨਾਲ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਗ੍ਰਨੇਡ ਦਾਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਚੜ੍ਹਤ ਸਿੰਘ ਨਾਂ ਦੇ ਵਿਅਕਤੀ ਸਮੇਤ ਪੁਲੀਸ ਨੇ ਤਿੰਨ ਵਿਅਕਤੀਆਂ ਦੀ ਪਛਾਣ ਤਾਂ ਕਰ ਲਈ ਹੈ ਬੱਸ ਗ੍ਰਿਫ਼ਤਾਰੀ ਦਾ ਖੁਲਾਸਾ ਕਰਨਾ ਹੀ ਬਾਕੀ ਹੈ। ਡੀਜੀਪੀ ਨੇ ਦੱਸਿਆ ਕਿ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦਾ ਨਾਮ ਇਸ ਘਟਨਾ ਦੇ ਮੁੱਖ ਹੈਂਡਲਰ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਆਰਪੀਜੀ, ਏਕੇ-47 ਅਤੇ ਅਪਰਾਧੀਆਂ ਦੇ ਸਥਾਨਕ ਨੈੱਟਵਰਕ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਲੰਡਾ (33) ਜੋ ਕਿ ਤਰਨ ਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਆਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਅਤੇ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹੱਥ ਮਿਲਾਇਆ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ ਭਿੱਖੀਵਿੰਡ, ਮੁਹਾਲੀ ਦੇ ਸੈਕਟਰ 85 ਵਿੱਚ ਵੇਵ ਅਸਟੇਟ ਦਾ ਵਾਸੀ ਜਗਦੀਪ ਸਿੰਘ ਕੰਗ, ਅੰਮ੍ਰਿਤਸਰ ਦੇ ਗੁਮਟਾਲਾ ਦਾ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40), ਬਲਜਿੰਦਰ ਸਿੰਘ ਉਰਫ ਰੈਂਬੋ (41) ਵਾਸੀ ਪੱਟੀ, ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਗੁਰੂ ਨਾਨਕ ਕਲੋਨੀ, ਅੰਮ੍ਰਿਤਸਰ ਸ਼ਾਮਲ ਹਨ। ਇਨ੍ਹਾਂ ਕੋਲੋਂ ਦੋ ਕਾਰਾਂ ਐਸਯੂਵੀ ਟੋਇਟਾ ਫਾਰਚੂਨਰ ਤੇ ਮਾਰੂਤੀ ਸਵਿਫਟ ਵੀ ਬਰਾਮਦ ਕੀਤੀਆਂ ਗਈਆਂ ਹਨ।
ਸ੍ਰੀ ਭਾਵੜਾ ਨੇ ਦੱਸਿਆ ਕਿ ਨਿਸ਼ਾਨ ਨੂੰ ਫਰੀਦਕੋਟ ਪੁਲੀਸ ਨੇ 11 ਮਈ 2022 ਨੂੰ ਆਰਮਜ਼ ਐਕਟ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 16 ਮਈ 2022 ਤੱਕ ਪੁਲੀਸ ਰਿਮਾਂਡ ’ਤੇ ਹੈ। ਡੀਜੀਪੀ ਨੇ ਦੱਸਿਆ ਕਿ ਲੰਡਾ ਨੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲਾ ਕਰਨ ਲਈ ਨਿਸ਼ਾਨ ਸਿੰਘ ਤੇ ਹੋਰਨਾਂ ਦੀ ਚੜ੍ਹਤ ਸਿੰਘ ਵਾਸੀ ਖੇਮਕਰਨ ਨਾਲ ਜਾਣ ਪਛਾਣ ਕਰਾਈ ਸੀ। ਮੁਹਾਲੀ ਦੇ ਰਹਿਣ ਵਾਲੇ ਵਿਅਕਤੀ ਦੀ ਭੂਮਿਕਾ ਸਬੰਧੀ ਪੁਲੀਸ ਮੁਖੀ ਨੇ ਦਾਅਵਾ ਕੀਤਾ ਕਿ ਜਗਦੀਪ ਸਿੰਘ ਨਾਮ ਦੇ ਵਿਅਕਤੀ ਨੇ ਘਟਨਾ ਵਾਲੇ ਦਿਨ ਸਵੇਰੇ ਖੁਫੀਆ ਵਿੰਗ ਦੇ ਦਫਤਰ ਦੀ ਪੂਰੀ ਰੇਕੀ ਕਰਨ ਵਿੱਚ ਚੜ੍ਹਤ ਸਿੰਘ ਅਤੇ ਹੋਰਨਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਚੜ੍ਹਤ ਸਿੰਘ ਅਤੇ ਉਸ ਦੇ ਦੋ ਸਹਿਯੋਗੀਆਂ ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ, ਨੇ ਸ਼ਾਮ ਦੇ ਸਮੇਂ ਲਗਭਗ 7.42 ਵਜੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲਾ ਕੀਤਾ ਸੀ। ਇਸ ਘਟਨਾ ਨਾਲ ਜੁੜੇ ਵਿਅਕਤੀਆਂ ਦੇ ਪਿਛੋਕੜ ਤੇ ਸਬੰਧਾਂ ਬਾਰੇ ਸ੍ਰੀ ਡੀਜੀਪੀ ਭਾਵੜਾ ਨੇ ਦੱਸਿਆ ਕਿ ਪਹਿਲਾਂ ਚੜ੍ਹਤ ਸਿੰਘ ਨੇ ਦੋਵਾਂ ਹਮਲਾਵਰਾਂ ਨੂੰ ਛੁਪਣਗਾਹਾਂ ਮੁਹੱਈਆ ਕਰਵਾਈਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਿਸ਼ਾਨ ਦੇ ਹਵਾਲੇ ਕਰ ਦਿੱਤਾ ਸੀ, ਜਿਸ ਨੇ 27 ਅਪਰੈਲ ਤੋਂ 7 ਮਈ ਤੱਕ ਅੰਮ੍ਰਿਤਸਰ ਸਥਿਤ ਕੰਵਰਜੀਤ ਬਾਠ ਅਤੇ ਬਲਜੀਤ ਕੌਰ ਦੇ ਘਰ ਠਹਿਰਨ ਦਾ ਪ੍ਰਬੰਧ ਕੀਤਾ ਸੀ। ਨਿਸ਼ਾਨ ਨੇ ਲੰਡਾ ਦੀਆਂ ਹਦਾਇਤਾਂ ’ਤੇ ਕੁੱਲਾ-ਪੱਟੀ ਰੋਡ ’ਤੇ ਨਿਰਧਾਰਤ ਸਥਾਨ ਤੋਂ ਰਾਕੇਟ ਲਾਂਚਰ (ਆਰਪੀਜੀ) ਵੀ ਪ੍ਰਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਰੈਂਬੋ ਨੇ ਨਿਸ਼ਾਨ ਦੇ ਨਿਰਦੇਸ਼ਾਂ ’ਤੇ ਚੜ੍ਹਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ਏਕੇ-47 ਰਾਈਫਲ ਪਹੁੰਚਾਈ ਸੀ। ਪੁਲੀਸ ਮੁਖੀ ਨੇ ਕਿਹਾ ਕਿ ਅਨੰਤਦੀਪ, ਨਿਸ਼ਾਨ ਦਾ ਜੀਜਾ ਹੈ ਅਤੇ ਉਹ ਹੋਰ ਸਾਮਾਨ ਮੁਹੱਈਆ ਕਰਨ ਵਿੱਚ ਮਦਦ ਕਰਦਾ ਸੀ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਇੱਕ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੇ ਚੜ੍ਹਤ ਅਤੇ ਉਸ ਦੇ ਦੋ ਸਾਥੀਆਂ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਸੀਮ ਆਲਮ ਅਤੇ ਮੁਹੰਮਦ ਸਰਾਫ ਰਾਜ ਜੋ ਕਿ ਬਿਹਾਰ ਦੇ ਜ਼ਿਲ੍ਹਾ ਔਰਈਆ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਹਮਲਾਵਰਾਂ ਦੇ ਸੰਪਰਕ ਵਿੱਚ ਹੋਣ ਦਾ ਸ਼ੱਕ ਸੀ ਤੇ ਪੁੱਛ ਪੜਤਾਲ ਜਾਰੀ ਹੈ। ਤਿੰਨ ਫਰਾਰ ਮੁਲਜ਼ਮਾਂ ਦੇ ਯੂਪੀ ਅਤੇ ਬਿਹਾਰ ਵਿੱਚ ਜਾ ਕੇ ਲੁਕੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਪੁਲੀਸ ਦੀਆਂ ਤਿੰਨ ਵੱਖ-ਵੱਖ ਟੀਮਾਂ ਗੁਆਂਢੀ ਸੂਬਿਆਂ ਵਿੱਚ ਪਹੁੰਚ ਗਈਆਂ ਹਨ।