ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਮਈ
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੀ ਦਿਨੀਂ ਕੀਤੇ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਫਰੀਦਕੋਟ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨਿਸ਼ਾਨ ਸਿੰਘ ਨੂੰ ਅੱਜ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਧਰ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਪੰਜ ਮੁਲਜ਼ਮ ਬਲਜਿੰਦਰ ਸਿੰਘ ਰੈਂਬੋ ਵਾਸੀ ਪੱਟੀ (ਤਰਨ ਤਾਰਨ), ਜਗਦੀਪ ਸਿੰਘ ਕੰਗ, ਕੰਵਰਜੀਤ ਸਿੰਘ ਉਰਫ਼ ਕੰਵਲ ਬਾਠ ਵਾਸੀ ਗੁਮਟਾਲਾ (ਅੰਮ੍ਰਿਤਸਰ), ਬਲਜੀਤ ਕੌਰ ਉਰਫ਼ ਸੁਖੀ ਵਾਸੀ ਕੋਟ ਖਾਲਸਾ (ਅੰਮ੍ਰਿਤਸਰ), ਅਨੰਤਦੀਪ ਸੋਨੂ ਵਾਸੀ ਅੰਮ੍ਰਿਤਸਰ ਨਿਆਂਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਵਿੱਚ ਬੰਦ ਹਨ।