ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਪਿੰਡ ਸੇਖਾ ਕਲਾਂ ਅੱਜ ਸ਼ਾਮ ਅਚਾਨਕ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ ਜਿਸ ਦੌਰਾਨ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲੀਸ ਨੂੰ ਮਿੱਡੂਖੇੜਾ ਹੱਤਿਆ ਕਾਂਡ ’ਚ ਕਥਿਤ ਸ਼ਾਮਲ ਕਿਸੇ ਗੈਂਗਸਟਰ ਦੇ ਇੱਥੇ ਛੁਪੇ ਹੋਣ ਦਾ ਸ਼ੱਕ ਸੀ। ਤਲਾਸ਼ੀ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਖ਼ੁਦ ਕੀਤੀ, ਜਿਸ ਵਿੱਚ ਐੱਸਪੀ ਜਗਤਪ੍ਰੀਤ ਸਿੰਘ, ਡੀਐੱਸਪੀ ਜੰਗਜੀਤ ਸਿੰਘ, ਡੀਐੱਸਪੀ ਜਸਬਿੰਦਰ ਸਿੰਘ ਖਹਿਰਾ ਤੇ ਹੋਰ ਥਾਣਿਆਂ ਦੀ ਪੁਲੀਸ ਸ਼ਾਮਲ ਸੀ।
ਅਪਰੇਸ਼ਨ ਦੌਰਾਨ ਕੁਝ ਅਧਿਕਾਰੀ ਸਿਵਲ ਕੱਪੜਿਆਂ ਵਿੱਚ ਵੀ ਸਨ, ਜੋ ਮੁਹਾਲੀ ਪੁਲੀਸ ਦੇ ਦੱਸੇ ਜਾਂਦੇ ਹਨ। ਇਸ ਦੌਰਾਨ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਤੇ ਕਿਸੇ ਵੀ ਵਿਅਕਤੀ ਨੂੰ ਪਿੰਡ ਤੋਂ ਬਾਹਰ ਜਾਣ ਜਾਂ ਪਿੰਡ ਅੰਦਰ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਇੱਕ ਮੋਬਾਈਲ ਫ਼ੋਨ ਦੀ ਕਾਲ ਅਤੇ ਲੋਕੇਸ਼ਨ ਦੀ ਜਾਂਚ ਕੀਤੀ ਗਈ ਹੈ। ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਹਾਕਮ ਧਿਰ ਨਾਲ ਜੁੜੇ ਇੱਕ ਚਰਚਿਤ ਆਗੂ ਤੇ ਉਸ ਦੇ ਘਰ ਕੰਮ ਕਰ ਰਹੇ ਰਾਜ ਮਿਸਤਰੀ ਸਮੇਤ ਕਰੀਬ 8 ਨੌਜਵਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈਂਦਿਆਂ ਸੀਆਈਏ ਸਟਾਫ਼ ਬਾਘਾਪੁਰਾਣਾ ਲਿਜਾ ਕੇ ਪੁੱਛ-ਪੜਤਾਲ ਕੀਤੀ। ਇਸ ਮਾਮਲੇ ਬਾਰੇ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।
ਮੁਹਾਲੀ ਪੁਲੀਸ ਦੇ ਹੱਥ ਖਾਲੀ
ਮੁਹਾਲੀ (ਪੱਤਰ ਪ੍ਰੇਰਕ): ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਾਮਲੇ ਵਿੱਚ ਹਾਲ ਤੱਕ ਮੁਹਾਲੀ ਪੁਲੀਸ ਨੂੰ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਐਸਐਸਪੀ ਸਤਿੰਦਰ ਸਿੰਘ ਖ਼ੁਦ ਮਾਮਲੇ ਦੀ ਜਾਂਚ ਕਰ ਰਹੇ ਹਨ। ਅੱਜ ਪੁਲੀਸ ਟੀਮਾਂ ਨੇ ਨੈਸ਼ਨਲ ਹਾਈਵੇਅ ਤੇ ਰਾਜ ਮਾਰਗਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਪੁਲੀਸ ਗੈਂਗਸਟਰ ਗੌਰਵ ਪਟਿਆਲਾ ਉਰਫ਼ ਲੱਕੀ ਦੀ ਭਾਲ ਕਰ ਰਹੀ ਹੈ।
ਗੈਂਗਸਟਰ ਭੂਪੀ ਰਾਣਾ ਅਦਾਲਤ ’ਚ ਪੇਸ਼
ਡੇਰਾਬੱਸੀ (ਹਰਜੀਤ ਸਿੰਘ): ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਅੱਜ ਗੈਂਗਸਟਰ ਭੂਪੀ ਰਾਣਾ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਭੂਪੀ ਰਾਣਾ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਸ਼ੱਕ ਹੈ ਕਿ ਵਿੱਕੀ ਦੇ ਕਤਲ ਵਿੱਚ ਭੂਪੀ ਰਾਣਾ ਦੇ ਗਰੋਹ ਦਾ ਹੱਥ ਹੋ ਸਕਦਾ ਹੈ। ਮੁਹਾਲੀ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਭੂਪੀ ਰਾਣਾ ਨੂੰ ਇੱਕ ਪੁਰਾਣੇ ਕੇਸ ਸਬੰਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।