ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਨਵੰਬਰ
ਇਥੇ ਨੌਜਵਾਨ ਨੇ ਫ਼ੌਜੀ ਤੋਪ ਬੈੱਰਲ ਸਫ਼ਾਈ ਮਸ਼ੀਨ ਤਿਆਰ ਕੀਤੀ ਹੈ। ਇਸ ਨਾਲ ਛੋਟੀ ਤੋਪ, ਟੈਂਕ, ਬੋਫਰਸ ਤੋਪ ਨਾਲੀ ਸਾਫ਼ ਕਰਨ ਦੇ ਕੰਮ ਨੂੰ ਸੌਖਾ ਕਰ ਦਿੱਤਾ ਹੈ। ਆਈਟੀਆਈ ਡਿਪਲੋਮਾ ਹੋਲਡਰ ਨੌਜਵਾਨ ਦੀ ਫ਼ੌਜ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਫ਼ੌਜ ਵੱਲੋਂ ਮਸ਼ੀਨ ਦੀ ਸਫ਼ਲ ਪਰਖ ਕੀਤੀ ਜਾ ਚੁੱਕੀ ਹੈ ਤੇ ਇਸ ਦੀ ਵਰਤੋਂ ਬਾਰੇ ਅੰਤਿਮ ਪ੍ਰਵਾਨਗੀ ਲਈ ਜਾਣੀ ਹੈ। ਇਥੇ ਘੜਿਆਲ ਮਕੈਨੀਕਲ ਵਰਕਸ ਸੰਚਾਲਕ ਮਲਕੀਤ ਸਿੰਘ (35) ਨੇ ਛੋਟੀ ਤੋਪ,ਟੈਂਕ, ਬੋਫਰਸ ਤੋਪ ਤੱਕ ਐਡਜਸਟੇਬਲ ਬਰੱਸ਼ ਮਸ਼ੀਨ ਤਿਆਰ ਕੀਤੀ ਹੈ। ਇਹ ਮਸ਼ੀਨ ਤੋਪ ਨਾਲੀ ਨੂੰ ਸਾਫ ਕਰਦੀ ਹੈ। ਫ਼ੌਜ ਦੇ 6 ਤੋਂ 12 ਦੀ ਗਿਣਤੀ ਵਿੱਚ ਜਵਾਨ ਇਹ ਕੰਮ ਹੱਥੀਂ ਰੱਸੇ ਨਾਲ ਕਰਦੇ ਹਨ ਅਤੇ ਹੁਣ ਇਸ ਮਸ਼ੀਨ ਨਾਲ ਸਿਰਫ਼ ਇੱਕ ਜਵਾਨ ਹੀ ਤੋਪ ਨਾਲੀ ਦੀ ਸਫ਼ਾਈ ਕਰ ਸਕਦਾ ਹੈ।
ਲੜਾਈ ਜਾਂ ਅਭਿਆਸ ਦੌਰਾਨ ਤੋਪ ਗੋਲੇ ਦਾਗਣ ਮਗਰੋਂ ਨਾਲੀ ਸਾਫ਼ ਕਰਨੀ ਜ਼ਰੂਰੀ ਹੁੰਦੀ ਹੈ। ਮਲਕੀਤ ਨੇ ਦੱਸਿਆ ਕਿ ਉਹ ਫੌਜ ਦੀ ਮੋਗਾ ਤੇ ਫਿਰੋਜ਼ਪੁਰ ਯੂਨਿਟਾਂ ਨੂੰ ਕੁੱਝ ਸਾਲਾਂ ਤੋਂ ਮੋਡੀਫਾਈਡ ਡੀਜ਼ਲ ਭੱਠੀਆਂ ਸਪਲਾਈ ਕਰ ਰਹੇ ਹਨ, ਜੋ ਲੇਹ ਲੱਦਾਖ ਤੱਕ ਜਾਂਦੀਆਂ ਹਨ। ਉਨ੍ਹਾਂ ਕੋਲ ਫ਼ੌਜੀ ਜਵਾਨ ਨੇ ਤੋਪ ਦੀ ਬੈਰਲ ਦੀ ਸਫ਼ਾਈ ਬਾਰੇ ਸਮੱਸਿਆ ਦਾ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਨੇ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।