ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਮੋਗਾ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ, ਜੋ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਹੈ। ਸੁੱਖਾ ਗਿੱਲ ਲੰਮੇ ਗਰੁੱਪ ਵੱਲੋਂ ਫ਼ਿਰੌਤੀ ਲਈ ਫੋਨ ਕਰਨ ’ਤੇ ਦੁਕਾਨਦਾਰ ਸਹਿਮੇ ਹੋਏ ਹਨ। ਉਸ ਨੇ ਫ਼ਿਰੌਤੀ ਲਈ ਕਾਰੋਬਾਰੀ ਨੂੰ ਫੇਸਬੁੱਕ ਉੱਤੇ ਧਮਕੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਸੇ ਗਰੁੱਪ ਨੇ 14 ਜੁਲਾਈ ਦੀ ਸ਼ਾਮ ਨੂੰ ਸ਼ਹਿਰ ’ਚ ਭੀੜ-ਭਾੜ ਵਾਲੇ ਨਿਊ ਟਾਊਨ ਬਾਜ਼ਾਰ ’ਚ ਕਾਰੋਬਾਰੀ ਤੇਜਿੰਦਰ ਸਿੰਘ ਉਰਫ਼ ਪਿੰਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਤੋਂ 8 ਦਿਨ ਦੇ ਅੰਦਰ-ਅੰਦਰ ਲੁੱਟ-ਖੋਹ ਦੀਆਂ ਚਾਰ ਵਾਰਦਾਤਾਂ ਵਾਪਰਨ ਤੋਂ ਲੋਕ ਤੇ ਕਾਰੋਬਾਰੀ ਸਹਿਮੇ ਹੋਏ ਹਨ ਹੈ। ਸੁੱਖਾ ਗਿੱਲ ਲੰਮੇ ਗਰੁੱਪ ਨੇ ਫੇਸਬੁੱਕ ’ਤੇ ਇੱਕ ‘ਸਵੀਟ ਸ਼ਾਪ ਮਾਲਕ’ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਇਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਪਰ ਇਸ ਨੇ ਪੁਲੀਸ ਸੱਦ ਲਈ। ਇਸ ’ਤੇ ਅਸੀਂ ਇਹ ਪੈਸੇ ਇਸ ਨੂੰ ਇਤਲਾਹ ਕਰਕੇ ਗਰੀਬ ਝੌਂਪੜੀ ਵਾਲਿਆਂ ਨੂੰ ਵੰਡਵਾ ਦਿੱਤੇ।’’ ਉਸ ਨੇ ਅੱਗੇ ਕਿਹਾ,‘‘ਇਹ ਬੰਦਾ ਸਾਡੇ ਭਰਾ ਨੂੰ ਫੜਾਉਣ ਲਈ ਪੁਲੀਸ ਲਿਆਇਆ ਸੀ, ਜੋ ਇਸ ਨੇ ਚੰਗਾ ਨਹੀਂ ਕੀਤਾ ਪਰ ਅਸੀਂ ਮੁਲਾਜ਼ਮ ਪਛਾਣ ਲਿਆ ਹੈ।’’ ਉਸ ਨੇ ਆਪਣੇ ਇੱਕ ਹੋਰ ਵਿਰੋਧੀ ਨੂੰ ਕਿਹਾ, ‘‘ਮੈਂ ਮਾਨ ਨੂੰ ਮਾਰ ਕੇ ਹੀ ਮਰਾਂਗਾ। ਹੁਣ ਪੈਸੇ ਤਾਂ ਗਏ ਹੀ, ਹੁਣ ਜਾਨ ਵੀ ਜਾਵੇਗੀ।’’ਅਜਿਹੀ ਹੀ ਗੱਲ ਉਸ ਨੇ ‘ਸਵੀਟ ਸ਼ਾਪ ਮਾਲਕ’ ਨੂੰ ਆਖੀ ਹੈ। ਸ਼ਹਿਰ ਵਿੱਚ ਹੋਰ ਵੀ ਕਈ ਵੱਡੇ ਕਾਰੋਬਾਰੀਆਂ ਨੂੰ ਵੀ ਫ਼ਿਰੌਤੀ ਲਈ ਫੋਨ ਆਉਣ ਦੀ ਚਰਚਾ ਹੈ, ਜੋ ਡਰੇ ਹੋਏ ਹਨ।