ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਸਤੰਬਰ
ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲੀਸ ਦੇ ਐੱਸਐੱਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਅੱਜ ਸਵੇਰੇ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਲੋਕਾਂ ਵੱਲੋਂ ਦਿੱਤੇ ਧਰਨੇ ’ਚ ਰਾਤ ਇਕ ਵਜੇ ਹਾਕਮ ਧਿਰ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਵੀ ਪਹੁੰਚੇ ਅਤੇ ਧਰਨਾ ਤੜਕੇ 3 ਵਜੋਂ ਤੱਕ ਚੱਲਿਆ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਬੀਤੀ ਸ਼ਾਮ ਕਰੀਬ 5 ਵਜੇ ਇਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ। ਸਥਾਨਕ ਪੁਲੀਸ ਅਧਿਕਾਰੀ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਲਈ ਕੋਸ਼ਿਸਾਂ ਕਰਦੇ ਰਹੇ। ਡਿਪਟੀ ਮੇਅਰ ਤੇ ਸਥਾਨਕ ਕਬਾੜ ਬਾਜ਼ਾਰ ਦੇ ਪ੍ਰਧਾਨ ਅਸ਼ੋਕ ਕੁਮਾਰ ਧਮੀਜਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਪੁਲੀਸ ਨੇ ਉਸ ਦੇ ਭਤੀਜੇ ਦੀ ਦੁਕਾਨ ’ਤੇ ਛਾਪਾ ਮਾਰਿਆ ਸੀ। ਉਹ ਸ਼ਹਿਰ ਦਾ ਨੁਮਾਇੰਦਾ ਤੇ ਕਬਾੜ ਬਾਜ਼ਾਰ ਦਾ ਪ੍ਰਧਾਨ ਹੋਣ ਦੇ ਨਾਤੇ ਉਥੇ ਪੁੱਜਾ ਤਾਂ ਪੁਲੀਸ ਟੀਮ ਨੇ ਉਸ ਦੀ ਗੱਲ ਸੁਣਨ ਦੀ ਥਾਂ ਕਥਿਤ ਤੌਰ ’ਤੇ ਲੱਖ ਰੁਪਏ ਦੀ ਵੱਢੀ ਮੰਗੀ। ਇਸ ਮਗਰੋਂ ਤੈਸ਼ ’ਚ ਆਏ ਐੱਸਐੱਚਓ ਕੁਲਦੀਪ ਸਿੰਘ ਨੇ ਉਸ ਨੂੰ ਥੱਪੜ ਮਾਰ ਕੇ ਅਪਮਾਨਿਤ ਕੀਤਾ। ਅੱਜ ਡਿਪਟੀ ਮੇਅਰ ਨਾਲ ਹੋਈ ਬਦਸਲੂਕੀ ਖ਼ਿਲਾਫ਼ ਨਗਰ ਨਿਗਮ ਕਾਮਿਆਂ ਨੇ ਕੰਮਕਾਜ ਠੱਪ ਰੱਖਿਆ। ਮੋਗਾ ਪੁਲੀਸ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਰਿਪੋਰਟ ’ਚ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਹੈ, ਜਿਸ ਦੀ ਪੁਸ਼ਟੀ ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਕੀਤੀ ਹੈ।