ਮਹਿੰਦਰ ਸਿੰਘ ਰੱਤੀਆਂ
ਮੋਗਾ,7 ਅਪਰੈਲ
ਸੂਬੇ ’ਚ ਨਸੇ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਥੇ ਥਾਣਾ ਸਦਰ ਅਧੀਨ ਪਿੰਡ ਸਲ੍ਹੀਣਾ ਵਿਖੇ ਪੰਜਾਬ ਪੁਲੀਸ ਦੇ ਜਵਾਨ ਦੀ ਕਥਿਤ ਤੌਰ ’ਤੇ ਨਸ਼ਾ ਵੱਧ ਕਰਨ ਕਰਕੇ ਮੌਤ ਹੋ ਗਈ। ਮ੍ਰਿਤਕ ਦੋ ਭੈਣਾ ਦਾ ਇਕਲੌਤਾ ਭਰਾ ਸੀ ਅਤੇ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਿਰਧ ਪਿਤਾ ਨੂੰ ਘੱਟ ਸੁਣਦਾ ਹੈ।
ਜਾਂਚ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (30) ਪਿੰਡ ਸਲ੍ਹੀਣਾ ਵਜੋਂ ਹੋਈ ਹੈ। ਉਸ ਦਾ ਕਰੀਬ 2 ਸਾਲ ਦਾ ਬੱਚਾ ਵੀ ਹੈ। ਮ੍ਰਿਤਕ ਦੀਆਂ ਦੋਵੇਂ ਭੈਣਾਂ ਵਿਦੇਸ਼ ’ਚ ਹਨ ਅਤੇ ਉਨ੍ਹਾਂ ਦੇ ਆਉਣ ਉੱਤੇ ਹੀ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਕਮਾਂਡੋ ਪੁਲੀਸ ਵਿੱਚ ਤਾਇਨਾਤ ਸੀ ਅਤੇ ਉਸ ਨੂੰ ਪਠਾਨਕੋਟ ਵਿਖੇ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ ਅਤੇ ਨਸ਼ੇ ਕਾਰਨ ਨੌਕਰੀ ਵੀ ਚਲੀ ਗਈ। ਇੱਕ ਦਿਨ ਪਹਿਲਾਂ ਹੀ ਘਰ ਆਇਆ ਸੀ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਦੋਸਤਾਂ ਨਾਲ ਗਿਆ ਸੀ। ਪੋਸਟਮਾਰਟਮ ਹੋਣ ਬਾਅਦ ਹੀ ਸੱਚਾਈ ਸਾਹਮਣੇ ਹੋਵੇਗੀ।