ਮਹਿੰਦਰ ਸਿੰਘ ਰੱਤੀਆਂ
ਮੋਗਾ,6 ਫਰਵਰੀ
ਇਥੇ ਥਾਣਾ ਮਹਿਣਾ ਅਧੀਨ ਪਿੰਡ ਰਾਮੂਵਾਲਾ ਕਲਾਂ ਵਿਖੇ ਪਿਓ ਨੇ ਅੱਜ ਤੜਕਸਾਰ ਆਪਣੇ ਸੁੱਤੇ ਨਾਬਾਲਗ ਧੀ ਤੇ ਪੁੱਤ ਦੇ ਸਿਰ ਵਿੱਚ ਕਥਿਤ ਹਥੌੜੇ ਨਾਲ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਬੱਚਿਆਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵਾਰਦਾਤ ਬਾਅਦ ਪਿਓ ਨੇ ਖੇਤ ਜਾ ਕੇ ਹਾਈਪਾਵਰ ਟਾਵਰ ਬਿਜਲੀ ਖੰਬੇ ਨਾਲ ਲਟਕੇ ਖੁਦਕੁਸ਼ੀ ਕਰ ਲਈ।
ਲਾਲ ਸਿੰਘ ਪਿੰਡ ਰਾਮੂੰਵਾਲਾ ਕਲਾਂ ਦੇ ਪਿਤਾ ਚੂਹੜ ਸਿੰਘ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਤੇ 3 ਦਿਨ ਪਹਿਲਾਂ ਹੀ ਉਸ ਦੀ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਪਿਆ ਹੈ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌਤ ਬਾਅਦ ਲਾਲ ਸਿੰਘ ਤਣਾਅ ਵਿੱਚ ਸੀ। ਉਸ ਦੇ ਹਿੱਸੇ ਕਰੀਬ 3 ਏਕੜ ਜ਼ਮੀਨ ਆਈ ਸੀ ਅਤੇ ਕਰਜ਼ ਦੀ ਵੀ ਦੇਣਦਾਰੀ ਸੀ। ਅੱਜ ਤੜਕਸਾਰ ਉਹ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਆਖਿਆ। ਪਤਨੀ ਬਿਸਤਰ ਤੋਂ ਉਠ ਕੇ ਵਾਸ਼ਰੂਮ ਚਲੀ ਗਈ। ਇਸ ਮਗਰੋਂ ਲਾਲ ਸਿੰਘ ਨੇ ਬੈੱਡ ਉੱਤੇ ਸੁੱਤੇ ਆਪਣੇ ਕਰੀਬ 8 ਵਰ੍ਹਿਆਂ ਦੀ ਧੀ ਤੇ 6 ਵਰ੍ਹਿਆ ਦੇ ਪੁੱਤ ਦੇ ਸਿਰ ਵਿੱਚ ਹਥੌੜੇ ਮਾਰਕੇ ਗੰਭੀਰ ਜ਼ਖ਼ਮੀ ਕਰ ਦਿੱਤੇ। ਬਾਅਦ ਵਿਚ ਕਿਸਾਨ ਨੇ ਖੇਤ ਵਿੱਚ ਹਾਈਪਾਵਰ ਟਾਵਰ ਬਿਜਲੀ ਖੰਬੇ ਨਾਲ ਲਟਕੇ ਖੁਦਕੁਸ਼ੀ ਕਰ ਲਈ। ਸਰਪੰਚ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਬੱਚਿਆਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੇ ਬੱਚਿਆਂ ਦੀ ਹਾਲਤ ਅਤਿ ਨਾਜ਼ੁਕ ਹੈ।
ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੁਢਲੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਲਾਲ ਸਿੰਘ ਤਣਾਅ ਵਿੱਚ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਹਾਲੇ ਹੋਰ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।