ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੁਲਾਈ
ਇਥੇ 11 ਦਿਨ ਪਹਿਲਾਂ ਕੋਵਿਡ-19 ਦੀਆਂ ਬੰਦਸ਼ਾਂ ਦੀ ਕਥਿਤ ਉਲੰਘਣਾ ਕਰਨ ਉੱਤੇ ਮੁੱਖ ਬਜ਼ਾਰ ਦੇ 50 ਤੋਂ ਵੱਧ ਦੁਕਾਨਦਾਰਾਂ ਨੂੰ ਡੰਡਿਆਂ ਨਾਲ ਕੁੱਟਕੇ ਥਾਣੇ ਅੰਦਰ ਡੱਕਣ ਅਤੇ ਜੁਰਮਾਨਾਂ ਕਰਕੇ ਛੱਡਣ ਤੋਂ ਮੁੜ ਸਿਆਸਤ ਭਖ਼ ਗਈ ਹੈ। ਇਸ ਮੁੱਦੇ ਉੱਤੇ ਮੁੱਖ ਬਜ਼ਾਰ ਐਸੋਸੀਏਸ਼ਨ ਦੋਫ਼ਾੜ ਹੋ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ 7 ਦਿਨ ਪਹਿਲਾਂ ਘਟਨਾ ਉਤੇ ਅਫਸੋਸ ਦਾ ਪ੍ਰਗਟਾਵਾ ਕਰ ਚੁੱਕੇ ਹਨ। ਇਸ ਦੇ ਬਾਵਜੂਦ ਮਸਲਾ ਠੰਢਾ ਨਹੀਂ ਹੋਇਆ ਸਗੋਂ ਹੋਰ ਨਵਾਂ ਰੁੱਖ ਫੜ ਗਿਆ ਹੈ। ਸਿਆਸੀ ਆਗੂ ਦੁਕਾਨਦਾਰਾਂ ਨੂੰ ਮੋਹਰਾ ਬਣਾ ਕੇ ਮੁੱਦਾ ਜ਼ੋਰ ਨਾਲ ਉਛਾਲ ਰਹੇ ਹਨ। ਇਥੇ ਕਾਂਗਰਸ ਆਗੂ ਦੀ ਅਗਵਾਈ ਹੇਠ ਦੁਕਾਨਦਾਰਾਂ ਦੇ ਹੱਕ ’ਚ ਅੱਜ ਦਿੱਤੇ ਗਏ ਧਰਨੇ ’ਚ ਭਾਂਵੇ ਹਾਕਮ ਧਿਰ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਪਹੁੰਚੇ ਪਰ ਬਹੁਤੇ ਕਾਰੋਬਾਰੀ ਇਸ ਧਰਨੇ ਵਿੱਚ ਸ਼ਾਮਲ ਨਹੀਂ ਹੋਏ ਅਤੇ ਆਪਣੀਆਂ ਦੁਕਾਨਾਂ ਖੋਲ੍ਹੀਆਂ। ਇਸ ਮੌਕੇ ਕਾਂਗਰਸ ਆਗੂ ਦੀ ਅਗਵਾਈ ਹੇਠ ਧਰਨੇ ’ਚ ਸ਼ਾਮਲ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕ ਨੇ ਦੁਕਾਨਦਾਰਾਂ ਦੀ ਸ਼ਲਾਘਾ ਕਰਦੇ ਆਖਿਆ ਕਿ ਉਨ੍ਹਾਂ ਹੱਕ ਤੇ ਸੱਚ ਅਤੇ ਇਨਸਾਫ਼ ਲਈ ਸੰਘਰਸ਼ ਵਿੱਢਿਆ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੁਕਾਨਦਾਰਾਂ ਨਾਲ ਅਪਰਾਧੀਆਂ ਵਾਲਾ ਸਲੂਕ ਬਰਦਾਸ਼ਤ ਨਹੀਂ ਹੋਵੇਗਾ।