ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਫ਼ਰਵਰੀ
ਇਥੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ’ਚ ਆਬਜ਼ਰਵਰ ਦੀ ਹਦਾਇਤ ਉੱਤੇ ਪੁਲੀਸ ਨੇ ਕਾਲੇ ਰੰਗ ਦੀ ਇੰਡੈਵਰ ਨੂੰ ਕਬਜ਼ੇ ’ਚ ਲਿਆ ਹੈ। ਇਹ ਕਾਰਵਾਈ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਸ਼ਿਕਾਇਤ ਉੱਤੇ ਕੀਤੀ ਗਈ ਹੈ। ਸੋਨੂ ਸੂਦ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਹੋਣ ਕਰਕੇ ਗੱਡੀ ਸਾਈਡ ਉੱਤੇ ਖੜ੍ਹੀ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਉਨ੍ਹਾਂ ਦੇ ਸਮਰਥਕ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਅਧਿਕਾਰੀ ਕਮ ਐੱਸਡੀਐੱਮ ਸਤਵੰਤ ਸਿੰਘ ਨੇ ਕਿਹਾ ਕਿ ਸੋਨੂ ਸੂਦ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਉਸ ਉੱਤੇ ਨਿਗਰਾਨੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਡੀਐੱਸਪੀ ਸਿਟੀ ਜਸ਼ਨਦੀਪ ਗਿੱਲ ਨੇ ਚੋਣ ਆਬਜ਼ਰਵਰ ਦੀ ਹਦਾਇਤ ਉੱਤੇ ਇੰਡੈਵਰ ਗੱਡੀ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ। ਬੌਲੀਵੁੱਡ ਅਦਾਕਾਰ ਸੋਨੂ ਸੂਦ ਪੁਲੀਸ ਨੂੰ ਘਚਾਨੀ ਦੇ ਕੇ ਹੋਰ ਗੱਡੀ ’ਚ ਬੈਠਕੇ ਖਿਸਕ ਗਏ। ਪੁਲੀਸ ਵੱਲੋਂ ਕਬਜ਼ੇ ਵਿੱਚ ਲਈ ਗਈ ਗੱਡੀ ਅਦਾਕਾਰ ਦੇ ਦੋਸਤ ਦੀ ਦੱਸੀ ਜਾਂਦੀ ਹੈ।