ਕਰਮਜੀਤ ਸਿੰਘ ਚਿੱਲਾ
ਬਨੂੜ, 26 ਫਰਵਰੀ
ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ’ਤੇ 138 ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਅੱਜ ਨੌਜਵਾਨ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਇਸ ਮੌਕੇ ਕਿਸਾਨਾਂ ਦੇ ਦਰਜ ਕੇਸਾਂ, ਖੇਤੀ ਕਾਨੂੰਨਾਂ ਤੇ ਤੇਲ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਜੁੜੇ ਇਕੱਠ ਨੂੰ ਸੱਤਪਾਲ ਸਿੰਘ ਸਰਪੰਚ ਰਾਜੋਮਾਜਰਾ, ਜਤਿੰਦਰ ਸਿੰਘ ਰੋਮੀ ਸਾਬਕਾ ਸਰਪੰਚ ਅਬਰਾਵਾਂ, ਕਰਤਾਰ ਸਿੰਘ ਸਾਬਕਾ ਸਰਪੰਚ ਨੰਡਿਆਲੀ, ਕਿਰਪਾਲ ਸਿੰਘ ਸਿਆਊ, ਮੋਹਨ ਸਿੰਘ ਸੋਢੀ, ਜੱਗੀ ਕਰਾਲਾ, ਲਖਵਿੰਦਰ ਸਿੰਘ, ਪ੍ਰੇਮ ਸਿੰਘ ਫੌਜੀ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਦਿੱਲੀ ਜਾਣ ਦਾ ਹੋਕਾ ਦਿੱਤਾ। ਇਸ ਮੌਕੇ ਖੇਤੀ ਕਾਨੂੰਨਾਂ ਦੇ ਖਾਤਮੇ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ ਤੇ ਕਿਸਾਨਾਂ ਦੀਆਂ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਨ ਦਾ ਫੈ਼ਸਲਾ ਕੀਤਾ ਗਿਆ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਦੇ ਦੋਵੇਂ ਟੌਲ ਪਲਾਜ਼ਿਆਂ ਚੰਡੀਮੰਦਿਰ ਅਤੇ ਨੱਗਲ-ਬਰਵਾਲਾ ਉੱਤੇ ਅੱਜ ਧਰਨੇ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਇਕੱਠ ਕਾਰਨ ਉਨ੍ਹਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਉਹ ਖੇਤੀਬਾੜੀ ਕਾਨੂੰਨ ਵਾਪਸ ਕਰਵਾ ਕੇ ਹੀ ਹਟਣਗੇ। ਅੰਦੋਲਨ ਨੂੰ ਹੁਣ ਆਮ ਜਨ ਦੇ ਸਾਥ ਦੇ ਨਾਲ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ। ਨੱਗਲ ਟੌਲ ਪਲਾਜ਼ਾ ’ਤੇ ਵੀ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਕਿਸਾਨਾਂ ਨੇ ਆਰਟੀਏ ਵੱਲੋਂ ਜ਼ਬਤ ਕੀਤੀ ਬੱਸ ਛੁਡਵਾਈ
ਅੰਬਾਲਾ (ਰਤਨ ਸਿੰਘ ਢਿੱਲੋਂ): ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਵੱਲੋਂ ਦਿੱਲੀ ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਮੁਫ਼ਤ ਸੇਵਾ ਲਈ ਭੇਜੀ ਗਈ 35 ਸੀਟਰ ਬੱਸ ਦਾ ਅੰਬਾਲਾ ਦੀ ਆਰਟੀਏ ਨੇ 63 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਅਤੇ ਬੱਸ ਜ਼ਬਤ ਕਰਕੇ ਅੰਬਾਲਾ ਦੇ ਬੱਸ ਅੱਡੇ ’ਤੇ ਖੜ੍ਹਾ ਲਈ। ਕਿਸਾਨ ਆਗੂ ਸੁਖਜੀਤ ਸਿੰਘ ਬਘੌਰਾ ਨੇ ਦੱਸਿਆ ਕਿ ਕੇਐੱਮਪੀ ਰੋਡ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੱਕ ਜਾਣ ਲਈ ਕਿਸਾਨਾਂ ਨੂੰ 7-8 ਕਿਲੋ ਮੀਟਰ ਦਾ ਸਫਰ ਕਰਨਾ ਪੈਂਦਾ ਹੈ। ਜਿਸ ਲਈ ਉਹ ਬੀਤੇ ਕੱਲ ਬੱਸ ਲੈ ਕੇ ਸਿੰਘੂ ਬਾਰਡਰ ’ਤੇ ਜਾ ਰਹੇ ਸਨ, ਜਦੋਂ ਅੰਬਾਲਾ ਪਹੁੰਚਣ ’ਤੇ ਆਰਟੀਏ ਨੇ ਬੱਸ ਜ਼ਬਤ ਕਰ ਲਈ। ਉਨ੍ਹਾਂ ਭਾਕਿਯੂ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਸ਼ੰਭੂ ਟੌਲ ਪਲਾਜ਼ਾ ’ਤੇ ਗੁਲਾਬ ਸਿੰਘ ਨੂੰ ਦੱਸਿਆ, ਜਿਨ੍ਹਾਂ ਆਰਟੀਏ ਨੂੰ ਫੋਨ ਕੀਤਾ, ਪਰ ਉਸ ਨੇ ਆਪਣਾ ਫੋਨ ਬੰਦ ਕਰ ਲਿਆ। ਅਖੀਰ ਕਿਸਾਨ ਝੰਡੇ ਲੈ ਕੇ ਬੱਸ ਅੱਡੇ ਪਹੁੰਚੇ ਤੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਮੌਕੇ ’ਤ ਪੁੱਜੀ ਆਰਟੀਏ ਨੇ ਚਲਾਨ ਰੱਦ ਕਰ ਕੇ ਬੱਸ ਰਿਲੀਜ਼ ਕੀਤੀ।
ਪਿੰਡ ਧਿਆਨੂੰ ਮਾਜਰਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਪੁੱਜਿਆ
ਖਮਾਣੋਂ (ਜਗਜੀਤ ਕੁਮਾਰ): ਬਲਾਕ ਖਮਾਣੋਂ ਦੇ ਪਿੰਡ ਧਿਆਨੂੰ ਮਾਜਰਾ ਤੋਂ ਕਿਸਾਨ ਅੰਦੋਲਨ ਲਈ ਇਕ ਕਾਫਲਾ ਅੱਜ ਦਿੱਲੀ ਗਿਆ। ਬਾਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਨੇ ਦੱਸਿਆ ਕੀ ਇਸ ਕਾਫ਼ਲੇ ਵਿਚ ਦਰਜਨਾਂ ਦੇ ਕਰੀਬ ਪਿੰਡ ਵਾਸੀ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਏ। ਜਿਸ ਵਿਚ ਪਿੰਡ ਵਾਸੀ ਨਿਰਮਲ ਸਿੰਘ ਦਾ ਟਰੈਕਟਰ ਟਰਾਲੀ ਰਾਹੀਂ ਇਹ ਕਾਫਲਾ ਕਿਸਾਨ ਅੰਦੋਲਨ ਲਈ ਗਿਆ। ਇਸ ਮੌਕੇ ਸੁਖਵਿੰਦਰ ਸਿੰਘ, ਬਲਦੇਵ ਸਿੰਘ ਪੰਚ, ਰਘਵੀਰ ਸਿੰਘ ਪੰਚ, ਜੀਤ ਸਿੰਘ ਪੰਚ, ਰਾਮ ਸਿੰਘ ਪੰਚ, ਬਲਵੀਰ ਸਿੰਘ ਲਾਲੀ, ਭਜਨ ਸਿੰਘ ਲੰਬੜਦਾਰ, ਨਿਰਮਲ ਸਿੰਘ, ਭਜਨ ਸਿੰਘ, ਮਨਪ੍ਰੀਤ ਸਿੰਘ ਨਿੰਦਾ, ਜਸਪ੍ਰੀਤ ਸਿੰਘ ਲਾਲਾ, ਗੁਰਦੀਪ ਸਿੰਘ, ਜਗਦੀਪ ਸਿੰਘ ਮਿੰਟਾ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗਗਨਦੀਪ ਸਿੰਘ, ਗੁਰਦੀਪ ਸਿੰਘ ਤੇ ਪਰਵਿੰਦਰ ਸਿੰਘ ਬਾਬਾ ਲਾਂਗਰੀ ਮੌਜੂਦ ਸਨ।