ਆਦਿਤੀ ਟੰਡਨ
ਨਵੀਂ ਦਿੱਲੀ, 27 ਦਸੰਬਰ
ਲੁਧਿਆਣਾ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਖੇਤੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਦੇ ਰਵੱਈਏ ਨੂੰ ‘ਜ਼ਿੱਦੀ’ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪੂਰੀ ਕੈਬਨਿਟ ਨੂੰ ਉਦੋਂ ਤੱਕ ਫਰਸ਼ ਉਤੇ ਸੌਣਾ ਚਾਹੀਦਾ ਹੈ ਜਦ ਤੱਕ ਕਿਸਾਨ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰ ਰਹੇ ਹਨ। ਪਾਰਟੀ ਦੇ ਜੰਤਰ ਮੰਤਰ ’ਤੇ ਧਰਨੇ ਉਤੇ ਬੈਠੇ ਪੰਜਾਬ ਦੇ ਆਗੂਆਂ ਲਈ ਕਾਂਗਰਸ ਵੱਲੋਂ ਰੱਖੀ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਿੱਟੂ ਨੇ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ’ਤੇ ਤਾਂ ਭਰੋਸਾ ਕਰਨ ਬਾਰੇ ਸੋਚਣਗੇ ਜੇਕਰ ਉਹ ਤਿੰਨਾਂ ਵਿਚੋਂ ਘੱਟੋ-ਘੱਟ ਦੋ ਕਾਨੂੰਨਾਂ ਨੂੰ 29 ਦਸੰਬਰ ਨੂੰ ਜਥੇਬੰਦੀਆਂ ਨਾਲ ਰੱਖੀ ਮੀਟਿੰਗ ਤੋਂ ਪਹਿਲਾਂ ਵਾਪਸ ਲੈ ਲੈਂਦੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ ਅੜੀ ਛੱਡ ਕੇ ਬਿਜਲੀ ਬਿੱਲ ਤੇ ਪ੍ਰਦੂਸ਼ਣ ਆਰਡੀਨੈਂਸ ਤਾਂ ਵਾਪਸ ਲੈਣੇ ਚਾਹੀਦੇ ਹਨ। ਇਸ ਮੌਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜੇ.ਐੱਸ. ਗਿੱਲ, ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਤੇ ਰਵਿੰਦਰ ਆਮਲਾ ਹਾਜ਼ਰ ਸਨ। ਬਿੱਟੂ ਨੇ ਕਿਹਾ ਕਿ ਕਿਸਾਨ ਬਹੁਤ ਨਾਰਾਜ਼ ਹਨ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਕਿਸਾਨਾਂ ਦੇ ਪੁੱਤਰ ਰੋਜ਼ ਉਨ੍ਹਾਂ (ਕਿਸਾਨਾਂ) ਨੂੰ ਪੁੱਛ ਰਹੇ ਹਨ ਕਿ ਕਦੋਂ ਪ੍ਰਧਾਨ ਮੰਤਰੀ ਮੁਜ਼ਾਹਰਾਕਾਰੀ ਮਾਪਿਆਂ ਨੂੰ ਘਰ ਭੇਜ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ‘ਪੰਜਾਬੀ ਸਰਹੱਦਾਂ ’ਤੇ ਵੀ ਜਾਨ ਵਾਰ ਰਹੇ ਹਨ ਤੇ ਇੱਥੇ ਦਿੱਲੀ ਵਿਚ ਵੀ।’ ਸੰਸਦ ਮੈਂਬਰ ਜੇਐੱਸ ਗਿੱਲ ਨੇ ਕਿਹਾ ਕਿ ਕਾਨੂੰਨ ਵਾਪਸ ਲੈਣ ਨਾਲ ਪ੍ਰਧਾਨ ਮੰਤਰੀ ਛੋਟੇ ਨਹੀਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ, ਮੱਧ ਪ੍ਰਦੇਸ਼ ਤੇ ਉਤਰਾਖੰਡ ਦੇ ਕਿਸਾਨ ਕੇਸ ਦਰਜ ਹੋਣ ’ਤੇ ਡਰਨ ਵਾਲੇ ਨਹੀਂ ਹਨ। ਬਿੱਟੂ ਤੇ ਜ਼ੀਰਾ ਨੇ ‘ਮਨ ਕੀ ਬਾਤ’ ਵਿਚ ਮੋਦੀ ਵੱਲੋਂ ਕਿਸਾਨਾਂ ਦਾ ਜ਼ਿਕਰ ਨਾ ਕਰਨ ’ਤੇ ਵੀ ਸਵਾਲ ਉਠਾਇਆ। ਬਿੱਟੂ ਨੇ ਕਿਹਾ ਕਿ ਐਮਐੱਸਪੀ ਸਿਰਫ਼ ਪੰਜਾਬ, ਹਰਿਆਣਾ ਤੇ ਯੂਪੀ ਵਿਚ ਮਿਲ ਰਹੀ ਹੈ, ਬਾਕੀ ਰਾਜਾਂ ਦੇ ਕਿਸਾਨਾਂ ਨੇ ਇਸ ਦਾ ਸਵਾਦ ਨਹੀਂ ਚਖਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਐਨੇ ਦਿਨਾਂ ਲਈ ਲੋਕਾਂ ਨੂੰ ਇਕੱਠੇ ਕਰ ਕੇ ਰੋਸ ਪ੍ਰਗਟਾਉਣ ਦੇ ਸਮਰੱਥ ਨਹੀਂ ਹੈ। ਇਹ ਅਸਲ ਵਿਚ ਕਿਸਾਨਾਂ ਦਾ ਆਪਣਾ ਸੰਘਰਸ਼ ਹੈ ਤੇ ਪ੍ਰਧਾਨ ਮੰਤਰੀ ਨੂੰ ਗੱਲ ਸੁਣਨੀ ਚਾਹੀਦੀ ਹੈ।