ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਐੱਮਐੱਲਸੀ ਉੱਤਰ ਪ੍ਰਦੇਸ਼ ਅਤੇ ਲੋਕ ਭਲਾਈ ਮਿਸ਼ਨ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਜੇ ਤਿੰਨੋਂ ਖੇਤੀ ਬਿੱਲ ਸਾਰੇ ਰੋਗਾਂ ਦੀ ਦਵਾਈ ਹਨ ਤਾਂ ਇਕੱਲੇ ਗੁਜਰਾਤ ਵਿਚ ਇਹ ਤਿੰਨੋਂ ਬਿੱਲ ਪੰਜ ਸਾਲਾਂ ਲਈ ਲਾਗੂ ਕਰ ਕੇ ਤਜਰਬਾ ਕਰਨ। ਜੇ ਗੁਜਰਾਤੀ ਕਿਸਾਨ ਇਨ੍ਹਾਂ ਬਿੱਲਾਂ ਨੂੰ ਭਗਵਾਨ ਇੰਦਰ ਅਤੇ 33 ਕਰੋੜ ਦੇਵਤਿਆਂ ਦਾ ਭੇਜਿਆ ਤੋਹਫ਼ਾ ਕਹਿਣ ਤਾਂ ਪਿੱਛੋਂ ਸਾਰੇ ਦੇਸ਼ ਵਿਚ ਇਨ੍ਹਾਂ ਨੂੰ ਲਾਗੂ ਕਰ ਦੇਣ। ਸ੍ਰੀ ਰਾਮੂਵਾਲੀਆ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਬਿੱਲ ਰੱਦ ਕਰਨ ਸਬੰਧੀ ਅੰਦੋਲਨ ਪ੍ਰਤੀ ਇਮਾਨਦਾਰੀ ਦਿਖਾਉਂਦਿਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਕਰਨ। ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਸਾਲਾਂ ਤੋਂ ਕਿਸਾਨੀ ਹਿੱਤਾਂ ਲਈ ਸੰਘਰਸ਼ ਕਰ ਰਹੀਆਂ ਹਨ।